

ਇਕ ਦੂਏ ਪਰ ਵਾਰ ਚਲਾਵਨ। ਆਪਣਾ ਆਪਣਾ ਦਾਉ ਬਚਾਵਨ।
ਓੜਕ ਪੈ ਦੋਹਾਂ ਦੇ ਵਾਰ। ਦੋਹਾਂ ਦੇ ਸਿਰ ਗਏ ਉਤਾਰ।
ਸ਼ਾਹ ਜਮਾਲ ਨੇ ਦਿੱਤੀ ਜਾਨ। ਡਿੱਗ ਪਿਆ ਹੋ ਲਹੂ ਲੁਹਾਨ।
ਬਾਬਾ ਜੀ ਭੀ ਹੋਏ ਸ਼ਹੀਦ। ਕਲਗੀਧਰ ਦੇ ਸੱਚ ਮੁਰੀਦ।
ਵਾਜ ਇਕ ਦੂਰੋਂ ਉੱਚੀ ਆਈ। ਬਾਬਾ ਜੀ ਕਰ ਗਏ ਚੜ੍ਹਾਈ।
ਹਾ ! ਹਾ ! ਇਹ ਕੀ ਕਾਰਾ ਭਿਆ। ਬਚਨ ਇਨ੍ਹਾਂ ਦਾ ਐਵੇਂ ਗਿਆ।
ਮਰਨਾ ਸੀ ਅੰਮ੍ਰਿਤਸਰ ਜਾ ਕੇ। ਹਰਿਮੰਦਰ ਦਾ ਦਰਸ਼ਨ ਪਾ ਕੇ।
ਬਾਬਾ ਜੀ ਨੇ ਹੱਥ ਹਿਲਾਯਾ। ਪ੍ਰਣ ਆਪਣਾ ਨਹੀਂ ਅਸਾਂ ਭੁਲਾਇਆ।
ਸਿਰ ਫੜਿਆ ਇਕ ਹੱਥ ਮਝਾਰ। ਦੂਜੇ ਹੱਥ ਫੜੀ ਤਲਵਾਰ।
ਪ੍ਰੇਮੀ ਪੈਰ ਪਏ ਫਿਰ ਚੱਲ। ਸ੍ਰੀ ਹਰਿਮੰਦਰ ਪਿਆਰੇ ਵੱਲ।
ਖੜਗ ਕਰੇ ਤੁਰਕਾਂ ਪਰ ਵਾਰ। ਪੈਰ ਤੁਰਨ ਗੁਰੂ ਗਲੀ ਮਝਾਰ।
ਇਸੇ ਦਸ਼ਾ ਵਿਚ ਕੋਈ ਮਾਰੇ। ਆ ਪਹੁੰਚੇ ਆਪਣੇ ਗੁਰੁਦ੍ਵਾਰੇ।
ਦੱਖਣ ਦੀ ਨੁੱਕਰ ਪਰ ਆ ਕੇ। ਹਰਿਮੰਦਰ ਦਾ ਦਰਸ਼ਨ ਪਾ ਕੇ।
ਪ੍ਰਾਣ ਸਰੀਰੋਂ ਹੋਇ ਨਿਆਰੇ। ਜਾ ਪਹੁੰਚੇ ਗੁਰਪੁਰੀ ਮਝਾਰੇ।
ਦੋਹਿਰਾ।।
ਧਰਮ ਪਾਲ ਪ੍ਰਣ ਪਾਲਿਆ, ਕੀਤਾ ਜੁੱਧ ਅਪਾਰ।
ਫਤਿਹ ਗਜਾ ਕੇ ਅੰਤ ਦੀ ਗੁਰ ਪੁਰ ਗਏ ਸਿਧਾਰ।
ਚੌਪਈ॥
ਏਧਰ ਬੀਰ ਖਾਲਸੇ ਸਾਰੇ। ਲੜੇ ਮਰੇ ਬਹੁ ਦੁਸ਼ਮਨ ਮਾਰੇ।
ਓੜਕ ਕਰਕੇ ਹੱਲਾ ਭਾਰਾ। ਗਾਜਰ ਵਾਂਗ ਖੇਤ ਸਭ ਮਾਰਾ।
ਨੱਸ ਤੁਰੇ ਦੁਰਾਨੀ ਸੂਰੇ। ਖਾਲਸਾ ਦਲ ਨੇ ਕੀਤੇ ਮੂਹਰੇ।
ਫਤਹਿ ਖਾਲਸੇ ਦੇ ਹੱਥ ਆਈ। ਤੁਰਕ ਫੌਜ ਸਭ ਮਾਰ ਭਜਾਈ।
ਪੈਰ ਸਿਰਾਂ ਪਰ ਧਰ ਕਰ ਨੱਠੇ। ਤੋਬਾ ਕਰਦੇ ਹੋ ਕੇ ਕਠੇ।
ਬਾਬਾ ਸਿੱਖ ਬੜੇ ਬਲਬੀਰ। ਮੋਏ ਜਾਣ ਸਫਾਂ ਨੂੰ ਚੀਰ।
ਸਿਰ ਧਰ ਤਲੀ ਗਲੀ ਵਿਚ ਆਵਣ। ਫਿਰ ਕਈਆਂ ਨੂੰ ਮਾਰ ਮੁਕਾਵਣ।
ਸਿੰਘਾਂ ਦਾ ਰਣਜੀਤ ਨਗਾਰਾ। ਵੱਜ ਗਿਆ ਆਕਾਸ਼ ਮਝਾਰਾ।