

ਦੋਹਿਰਾ॥
ਬਾਬਾ ਜੀ ਸਿਰ ਵਾਰ ਕੇ ਰਖੀ ਧਰਮ ਦੀ ਆਨ।
ਐਸੇ ਬੀਰਾਂ ਨਾਲ ਹੀ ਚਮਕ ਰਿਹਾ ਅਸਮਾਨ।
ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹਾਦਤ
ਖਾਲਸਾ ਜੀ ਨੇ ਜਾਨਾਂ ਵਾਰ ਕੇ ਵੀ ਸ੍ਰੀ ਹਰਿਮੰਦਰ ਜੀ ਦੀ ਸੇਵਾ ਕੀਤੀ
ਗਿਲਜ਼ਈਆਂ ਨੇ ਭਾਂਜ ਖਾਇ ਕੇ। ਸਿੰਘਾਂ ਪਾਸੋਂ ਸਿਰ ਸਿਕਾਇ ਕੇ।
ਦੂਰ ਦੁਰੇਡੇ ਡੇਰੇ ਪਾਏ। ਓਹਲੇ ਹੋ ਕੇ ਸ਼ੁਕਰ ਮਨਾਏ।
ਏਸ ਜੰਗ ਦੀ ਉੱਡ ਅਵਾਈ। ਸਾਰੇ ਪੰਥ ਵਿਖੇ ਪ੍ਰਗਟਾਈ।
ਬਾਬਾ ਸ੍ਰੀ ਗੁਰਬਖਸ਼ ਮ੍ਰਿਗਿੰਦ। ਆਨੰਦ ਪੁਰ ਵਿਚ ਥਿਰੇ ਅਨੰਦ।
ਧਰਮ ਜੁੱਧ ਦੀ ਪਹੁੰਚੀ ਸੋਇ। ਉੱਠੇ ਤੁਰਤ ਉਤਾਵਲ ਹੋਇ।
ਪੰਥ ਪਿਆਰੇ ਕਰਨ ਤਿਆਰ। ਚਲੋ ਸਿੰਘੋ ! ਹੁਣ ਧਰਮ ਪਿਆਰ।
ਅੰਮ੍ਰਿਤਸਰ ਵਿਚ ਚੱਲ ਦਿਖਾਈਏ। ਦੁਸ਼ਮਨ ਮਾਰ ਸ਼ਹੀਦੀ ਪਾਈਏ।
ਕੱਠੇ ਹੋਇ ਸੂਰਮੇ ਆਏ। ਅੰਮ੍ਰਿਤਸਰ ਆ ਡੇਰੇ ਪਾਏ।
ਗਿਲਜ਼ਈਆਂ ਨੂੰ ਰਾਤੋ ਰਾਤ ਆਣ ਦਬਾਯਾ ਵਾਂਗ ਅਫ਼ਾਤ।
ਦਿਨੇ ਨ ਕੋਈ ਹੋਯਾ ਜੰਗ। ਸ਼ਬ ਖੂਨਾਂ ਵਿਚ ਕੀਤੇ ਤੰਗ।
ਗਿਲਜ਼ਈਆਂ ਅਹਿਮਦਸ਼ਾਹ ਵੱਲ। ਲਿਖਿਆ ਫੌਜ ਵਧੇਰੀ ਘੱਲ।
ਲੜ ਏਹਨਾਂ ਨੂੰ ਹੱਥ ਵਿਖਾਈਏ। ਹੋਇ ਸੁਰਖਰੂ ਘਰ ਨੂੰ ਜਾਈਏ।
ਦੋਹਿਰਾ॥
ਅਹਿਮਦ ਸ਼ਾਹ ਨੇ ਭੇਜਿਆ ਕਈ ਹਜ਼ਾਰ ਸਵਾਰ।
ਦਾਰੂ ਅਤੇ ਬਰੂਦ ਦਾ ਕੋਈ ਨਾ ਪਾਰਾਵਾਰ।
ਸਾਹਵੇਂ ਹੋ ਕੇ ਛਿੜੀ ਲੜਾਈ। ਗਿਲਜ਼ਈਆਂ ਨੇ ਤੋਪ ਚਲਾਈ।
ਖੜ ਖੜਾਕ ਅਰ ਧੂੰਆਂਧਾਰ। ਚਹੁਂ ਪਾਸੀਂ ਹੋਇਆ ਅੰਧਿਆਰ।
ਤੁਰਕ ਫੌਜ ਉੱਤੇ ਕਈ ਹਜ਼ਾਰ। ਏਧਰ ਗਿਣਤੀ ਦੇ ਸਰਦਾਰ।
ਓਧਰ ਤੋਪਾਂ ਅਤੇ ਬੰਦੂਕਾਂ। ਏਧਰ ਕੇਵਲ ਉਂਗਲ ਫੂਕਾਂ।
ਐਪਰ ਏਧਰ ਧਰਮ ਪਿਆਰ। ਓਧਰ ਕੇਵਲ ਸੀ ਬਲਕਾਰ।
ਕਲਗੀਧਰ ਦੇ ਸੱਚ ਮੁਰੀਦ। ਆਏ ਘਰਾਂ ਤੋਂ ਹੋਣ ਸ਼ਹੀਦ।
ਜੈ ਹੋਵੇ ਯਾ ਜਾਵੇ ਜਾਨ"। ਦੋਵੇਂ ਗੱਲਾਂ ਜੀ ਵਿਚ ਠਾਨ।