

ਜੈ ਹੋਈ ਤਾਂ ਹੋਸੀ ਮੋਦ। ਮਰਿਆਂ ਮਾਤਾ ਜੀ ਦੀ ਗੋਦ।
ਇਹ ਸੰਕਲਪ ਸਰੇਸ਼ਟ ਧਾਰ। ਸੂਤ ਲਈ ਸਿੰਘਾਂ ਤਲਵਾਰ।
ਨੇਜ਼ੇ ਗੋਲੀ ਖਾਈ ਜਾਂਦੇ। ਵੈਰੀ ਮਾਰ ਮੁਕਾਈ ਜਾਂਦੇ।
ਜਿਉਂ ਜਿਉਂ ਸਿੰਘ ਸ਼ਹੀਦੀ ਪਾਵਣ। ਤਿਉਂ ਤਿਉਂ ਬਾਕੀ ਵਧ ਕੇ ਆਵਣ।
ਡਰ ਜਾਨਾਂ ਦੇ ਦਿਲੋਂ ਭੁਲਾਏ। ਤਲੀਆਂ ਉੱਪਰ ਸੀਸ ਟਿਕਾਏ।
ਵਾਹ ਸਿੰਘਾ ! ਤੇਰੀ ਧੰਨ ਕਮਾਈ
ਦੋਹਿਰਾ॥
ਪੰਥ ਰਤਨ ਗੁਰਬਖਸ਼ ਸਿੰਘ ਫੜ ਬਾਂਕੀ ਤਲਵਾਰ।
ਤਖਤ ਅਕਾਲ ਪਿਛਾਵੜੇ ਆਏ ਜੁੱਧ ਮਝਾਰ।
ਚੌਪਈ॥
ਖੜਗ ਦੁਧਾਰੀ ਚੱਲੇ ਐਸੀ। ਆਕਾਸ਼ਾਂ ਵਿਚ ਬਿਜਲੀ ਜੈਸੀ।
ਜਿਸ ਗਰਦਨ ਦੇ ਪਾਸੋਂ ਜਾਵੇ। ਸਿਰ ਉਸ ਦਾ ਲਾਹ ਕੇ ਲੈ ਆਵੇ।
ਜਿਉਂ ਵੱਢਣ ਲੱਗੇ ਇਕ ਸਾਹੇ। ਕਈ ਹਜ਼ਾਰਾਂ ਆਹੂ ਲਾਹੇ।
ਸਤਿ ਸ੍ਰੀ ਅਕਾਲ ਜੈਕਾਰੇ। ਸਿੰਘ ਗਜਾਵਣ ਵਾਰੋ ਵਾਰੇ।
ਭਾਈ ਜੀ ਦਾ ਦੇਖਣ ਵਾਰ। ਦੁਸ਼ਮਨ ਭੀ ਜਾਵਣ ਬਲਿਹਾਰ।
ਵਾਹ ਸਿੰਘਾ ! ਤੇਰੀ ਧੰਨ ਕਮਾਈ। ਧੰਨ ਜਣੇਂਦੀ ਤੇਰੀ ਮਾਈ।
ਪੱਟਾਂ ਦੇ ਵਿਚ ਛੇਕ ਪਏ ਹਨ। ਲਹੂ ਫੁਹਾਰੇ ਚੱਲ ਰਹੇ ਹਨ।
ਛਣਿਆ ਸਰੀਰ ਗੋਲੀਆਂ ਨਾਲ। ਫਿਰ ਮੱਠੀ ਨਹਿਂ ਹੋਵੇ ਚਾਲ।
ਜਿਉਂ ਜਿਉਂ ਅੰਤ ਨਜ਼ੀਕੇ ਆਵੇ। ਤਿਉਂ ਤਿਉਂ ਬਹੁਤੇ ਆਹੂ ਲਾਹਵੇ।
ਦੋਹਿਰਾ॥
ਲੜਦੇ ਲੜਦੇ ਸਿੰਘ ਜੀ ਹੋਏ ਠੰਢੇ ਸੀਤ।
ਅੰਤ ਸਮੇਂ ਤਕ ਨਿਭ ਗਈ, ਧਰਮ ਜੁੱਧ ਦੀ ਪ੍ਰੀਤ।
ਚੌਪਈ॥
ਇਕ ਹੱਥ ਖੜਗ ਦੂਏ ਹੱਥ ਢਾਲ। ਹੋਈ ਬੰਦ ਘੜੀ ਦੀ ਚਾਲ।
ਵੈਰੀ ਦੀ ਛਾਤੀ ਵਿਚ ਵੜੀ। ਖੜਗ ਰਹਿ ਗਈ ਓਥੇ ਖੜੀ।
ਧਰਤੀ ਪਰ ਡਿੱਗੇ ਚੌਫਾਲ। ਕਹਿੰਦੇ ਸਤਿ ਸ੍ਰੀ ਅਕਾਲ।
ਟੁੱਟ ਗਿਆ ਹਿੰਮਤ ਦਾ ਤਾਰਾ ਜਾ ਟਿਕਿਆ ਗੁਰ ਧਾਮ ਮਝਾਰਾ।
ਧਰਮ ਜੁੱਧ ਵਿਚ ਪ੍ਰਾਣ ਘੁਮਾ ਕੇ। ਵੈਰੀ ਦਲ ਅਣਗਿਣਤ ਮੁਕਾ ਕੇ।
ਮਾਤਾ ਸਾਹਿਬ ਦੇਵਾਂ ਦੀ ਗੋਦ। ਜਾਇ ਬਿਰਾਜੇ ਹੋ ਕੇ ਮੋਦ।