

ਹੈ, ਏਸ ਗਲੀ ਦੇ ਪੰਧਾਊ ਧਨ ਧਾਮ ਤੇ ਸੰਪਦਾ-ਸੰਤਾਨ ਸਭ ਨਾਲੋਂ ਧਰਮ ਨੂੰ ਹੀ ਸ੍ਰੇਸ਼ਟ ਸਮਝਦੇ ਹਨ।
ਧਰਮ ਕਰੇ ਸੁਭ ਜਨਮ ਧਰਮ ਤੇ ਰੂਪਹਿ ਪੈਯੇ॥
ਧਰਮ ਕਰੋ ਧਨ ਧਾਮ ਧਰਮ ਤੇ ਰਾਜ ਸੁਹੈਯੈ॥ (ਸ੍ਰੀ ਗੁਰੂ ਗੋਬਿੰਦ ਸਿੰਘ ਜੀ)
ਸਾਡਾ ਮਤਲਬ ਇਹ ਤਵਾਰੀਖੀ ਪਤ੍ਰੇ ਲਿਖ ਕੇ ਸਿੱਖਾਂ ਦੇ ਉਸ ਉੱਚ ਆਸ਼ੇ ਨੂੰ ਦੱਸਣਾ ਹੈ ਕਿ ਜਿਸ ਨਾਲ ਸਿੱਖੀ ਪ੍ਰਾਪਤ ਹੋ ਕੇ ਦ੍ਰਿੜਤਾ 'ਤੇ ਪਹੁੰਚ ਸਕਦੀ ਹੈ। ਜੋ ਕਿਸੇ ਦੀ ਦੁੱਖ ਵੇਲੇ ਸੇਵਾ ਨਾ ਕਰੇ ਉਹ ਸਿੱਖਾਂ ਦੀ ਸ਼੍ਰੇਣੀ ਵਿਚ ਨਹੀਂ ਆ ਸਕਦਾ, ਜੋ ਅਪਣੱਤ ਨੂੰ ਮਾਰ ਕੇ ਸਾਰੇ ਹੀ ਇਕ ਪਰੀਪੂਰਨ ਬ੍ਰਹਮ ਨੂੰ ਨਹੀਂ ਲਖ ਸਕਦਾ, ਉਹ ਸਿੱਖੀ ਮੰਡਲ ਤੋਂ ਪਰੇ ਹੈ।
ਇਤਿਹਾਸਕ ਗੱਲ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਰਣਭੂਮੀ ਵਿਚ ਪਾਣੀ ਪਿਲਾਉਣ ਵਾਲਾ ਸਿੱਖ ਆਪਣੀ ਸਫ ਨੂੰ ਲੰਘ ਕੇ ਘਾਇਲ ਤੁਰਕਾਂ ਨੂੰ ਵੀ ਪਾਣੀ ਉਸੇ ਹੀ ਪ੍ਰੇਮ ਨਾਲ ਦੇਂਦਾ ਹੈ, ਜਿਸ ਤਰ੍ਹਾਂ ਸਿੱਖਾਂ ਨੂੰ, ਕਿਉਂ ਜੋ ਉਸ ਨੂੰ ਸਰੀਰ ਨਾਲ ਤਾਂ ਕੋਈ ਦ੍ਵੈਤ ਨਹੀਂ, ਸਿਰਫ਼ ਉਸ ਦੇ ਕੁਕਰਮ, ਅਹੰਤਾ ਤੇ ਅਨੀਤ ਤੋਂ ਸੂਗ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਪਹਾੜੀ ਰਾਜੇ ਤੇ ਮਸੰਦਾਂ ਨੂੰ ਅਨੀਤ ਦਾ ਫਲ ਡੰਡ ਦਿੱਤਾ ਪਰ ਤੁਰਕਾਂ ਦਾ ਏਨਾ ਪਿਆਰ ਕਿ ਨਬੀ ਖਾਨ ਤੇ ਗਨੀ ਖਾਨ ਆਦਿਕਾਂ ਨੇ ਮੋਢੇ 'ਤੇ ਚੁੱਕ ਕੇ ਸਹਾਇਤਾ ਦੇਣੀ। ਬੁੱਧੂ ਸ਼ਾਹ ਜੈਸੇ ਸੇਵਕਾਂ ਦਾ ਤਨ ਮਨ ਸਰਵਸਵ ਕੁਰਬਾਨ ਕਰ ਦੇਣਾ। ਪਠਾਨ ਬੱਚਿਆਂ ਦਾ ਨੌਕਰ ਰੱਖਣਾ, ਇਹ ਸਾਰੇ ਇਤਿਹਾਸਿਕ ਪ੍ਰਸੰਗ ਵਖਯਾਤ ਕਰਦੇ ਹਨ ਕਿ ਸਿੱਖੀ ਮਾਰਗ ਕਿਸੇ ਖਾਸ ਧੜੇ ਯਾ ਪਾਸੇ ਦਾ ਤਰਫ਼ਦਾਰ ਨਹੀਂ। ਕੇਵਲ ਧਰਮ ਪਿਆਰ ਤੇ ਸੱਚ ਦਾ ਪੌਰਖੁ ਹੀ ਸੀ ਕਿ ਜਿਸ ਨਾਲ ਅਨਾਥਾਂ ਦੀ ਰਖਿਆ ਤੇ ਜਰਵਾਣਿਆਂ ਨੂੰ ਡੰਡ ਦਿੱਤਾ ਗਿਆ।
ਤੇਰੀ ਨੀਂਹ ਹੈ 'ਸੱਚ ਤੇ ਸਿਦਕ' ਵਾਲੀ, ਗਾਰਾ 'ਸੇਵ ਉਪਕਾਰ' ਨੇ ਲਾਇਆ ਹੈ।
ਇੱਟਾਂ ਲੱਗੀਆਂ ਵਿੱਚ 'ਸ਼ਹੀਦ' ਤੇਰੇ, ਛੱਤ 'ਜੱਤ' ਦੀ ਮੇਲ ਮਿਲਾਇਆ ਹੈ।
ਥੰਮੇ ‘ਪ੍ਰੇਮ ਤੇ ਨੇਮ' ਦੇ ਜੜੇ ਦੋਵੇਂ, ਬੂਹਾ 'ਸਭ ਨੂੰ ਖੁਲ੍ਹ ਦਾ ਲਾਇਆ ਹੈ।
ਜੇਹੇ ਸੁੰਦਰ ਮਕਾਨ ਦੇ ਰਹਿਣ ਵਾਲਾ 'ਸ਼ੇਰ ਖਾਲਸਾ' ਨਾਮ ਸਦਾਇਆ ਹੈ।
ਕਬਿੱਤ॥
ਤੇਰੇ ‘ਗੁਰੂ ਨਾਨਕ ਨੂੰ ਸਾਰਾ ਲੋਕ ਗੁਰੂ ਆਖੇ,
ਚੱਲ ਚੱਲ ਜਿਸ 'ਸਾਰਾ ਦੇਸ ਹੈ ਸੁਧਾਰਿਆ'।
ਤੇਰੇ 'ਗੁਰੂ ਪੰਜਵੇਂ" ਨੇ ਕੇਡੇ ਕੇਡੇ ਖੇਦ ਸਹੇ,
ਛਾਲੇ ਛਾਲੇ ਪਿੰਡਾ ‘ਤੱਤੀ ਰੇਤ ਨੇ, ਉਭਾਰਿਆ।