ਖ਼ਾਲਸੇ ਦੀ ਪਹਿਲੀ ਵਿਸਾਖੀ
“ਪੰਜ ਸਿਰਾਂ ਦੀ ਮੰਗ”
ਮੈਂ ਸਦਕੇ ਸ਼ਾਹੀ ਠਾਠ ਤੋਂ, ਕਲਗੀ ਤੋਂ ਘੋਲ ਘੁਮਾਈਆਂ।
ਨੂਰੀ ਜਲਵੇ ਦੇ ਸਾਹਮਣੇ, ਨਾ ਅੱਖਾਂ ਜਾਣ ਟਿਕਾਈਆਂ।
ਅੱਜ ਗਰਜ ਕਲੇਜਾ ਵਿੰਨ੍ਹਵੀਂ, ਸਭ ਧੌਣਾਂ ਹੇਠ ਝੁਕਾਈਆਂ।
ਕੀ ਜਾਣੇ ਕੋਈ ਭੇਤ ਨੂੰ, ਕੀ ਅੱਜ ਕਲਾਂ ਵਰਤਾਈਆਂ॥੧॥
ਅੱਜ ਮੱਥਾ ਕੇਡਾ ਡਲ੍ਹਕਦਾ, ਝਲਕਾਰ ਨ ਜਾਇ ਸੰਭਾਲਿਆ।
ਰਮਣੀਕ ਕਨਾਤਾਂ ਤਾਣੀਆਂ, ਸੰਗਤ ਨੂੰ ਸੱਦ ਬਹਾਲਿਆ।
ਬਿਜਲੀ ਨੂੰ ਕਰਦਾ ਮਾਤ ਹੈ, ਜੋ ਖੰਡਾ ਹੱਥ ਉਠਾਲਿਆ।
ਕੀ ਮਨ ਵਿੱਚ ਆਈ ਮੌਜ ਹੈ, ਅੱਜ ਤੇਰੇ ਕਲਗੀ ਵਾਲਿਆ॥੨॥
ਅੱਜ ਥਰ ਥਰ ਪਰਬਤ ਕੰਬਦੇ, ਗਰਜਾਂ ਨੇ ਰੁੱਖ ਨਿਵਾ ਲਏ।
ਮਾਨੁਖ ਦੀ ਏਥੇ ਜਾਹ ਕੀ, ਸ਼ੇਰਾਂ ਨੇ ਸੀਸ ਝੁਕਾ ਲਏ।
ਚੇਹਰੇ 'ਤੇ ਚੜ੍ਹੀਆਂ ਲਾਲੀਆਂ, ਨੈਣਾਂ ਨੇ ਰੰਗ ਵਟਾ ਲਏ।
ਭੈ ਡਾਢਾ ਖਾਧਾ ਸੰਗਤਾਂ, ਨਿਉਂ ਗਲ ਵਿੱਚ ਪੱਲੇ ਪਾ ਲਏ॥੩॥
ਲਲਕਾਰ ਪਈ ਦਰਬਾਰ ਤੋਂ, ਇੱਕ ਸੀਸ ਗੁਰੂ ਨੂੰ ਚਾਹੀਏ।
ਕੋਈ ਸਿਦਕੀ ਬੰਦਾ ਨਿੱਤਰੇ, ਤਲਵਾਰ ਜ਼ਰਾ ਅਜ਼ਮਾਈਏ।
ਧਰ ਜਾਨ ਤਲੀ 'ਤੇ ਨਿਕਲੇ, ਗਰਦਨ ਤੋਂ ਸਿਰ ਨੂੰ ਲਾਹੀਏ।
ਇਸ ਪ੍ਰੇਮ ਗਲੀ ਵਿੱਚ ਵਾੜ ਕੇ, ਇੱਕ ਹੋਲੀ ਅੱਜ ਖਿਡਾਈਏ॥੪॥
ਇਕ ਸਿਦਕੀ ਉੱਠ ਕੇ ਬੋਲਿਆ, ਵਿੱਕ ਚੁੱਕੇ ਏਸ ਦੁਆਰ 'ਤੇ।
ਸਿਰ ਚਰਨਾਂ ਉੱਤੋਂ ਘੋਲਿਆ, ਮੈਂ ਸਦਕੇ ਇਸ ਤਲਵਾਰ 'ਤੇ।
ਇਹ ਜਿੰਦ ਅਮਾਨਤ ਆਪ ਦੀ, ਜੀ ਚਾਹੇ ਤਾਂ ਚਾੜ੍ਹੋ ਦਾਰ 'ਤੇ।
ਜੇ ਸਤਿਗੁਰੂ ਹੱਥੋਂ ਮੁਕਤਿ ਹੋਏ, ਕੀ ਲੈਣਾ ਹੈ ਸੰਸਾਰ 'ਤੇ॥੫॥