ਫੜ ਬਾਹੋਂ ਵਾਂਗਰ ਬੱਕਰੇ, ਤੰਬੂ ਵਿੱਚ ਜਾ ਖਲਹਾਰਿਆ।
ਲੈ ਲਹੂ ਭਰੀ ਤਲਵਾਰ ਨੂੰ ਆ ਬਾਹਰ ਫਿਰ ਲਲਕਾਰਿਆ।
ਇੱਕ ਹੋਰ ਸੀਸ ਦੀ ਲੋੜ ਹੈ, ਕੋਈ ਹੈ ਸਤਿਗੁਰੂ ਦਾ ਤਾਰਿਆ।
ਜੋ ਚਾਹੇ ਪਤੰਗਾ, ਜਿੰਦ ਨੂੰ, ਇਸ ਪ੍ਰੇਮ ਸ਼ਮ੍ਹਾਂ ਪਰ ਵਾਰਿਆ॥੬॥
ਇੱਕ ਪ੍ਰੇਮੀ ਆਯਾ ਦੌੜ ਕੇ, ਮੈਂ ਹਾਜ਼ਰ ਸੀਸ ਕਟਾਣ ਨੂੰ!
ਇਹ ਜਿੰਦ ਨਿਮਾਣੀ ਚੀਜ਼ ਕੀ, ਇਸ ਪ੍ਰੇਮ ਗਲੀ ਵਿਚ ਜਾਣ ਨੂੰ।
ਜੇ ਮੰਗ ਹੋਵੇ ਸਰਬੰਸ ਦੀ, ਹਾਜ਼ਰ ਹਾਂ ਘੋਲ ਘੁਮਾਣ ਨੂੰ।
ਹੈ ਧੰਨ ਜਨਮ, ਸਤਿਗੁਰਾਂ ਨੇ. ਸਦ ਲੀਤਾ ਮੁਕਤਿ ਦੁਆਣ ਨੂੰ॥੭॥
ਫੜ ਤੰਬੂ ਵਿੱਚ ਪੁਚਾਇਆ, ਸੰਗਤ ਨੂੰ ਅਤਿ ਸਹਿਮਾਇਆ।
ਆ ਤੀਜੀ ਵਾਰ ਗਰਜ ਕੇ, ਮੁੜ ਉਹੋ ਸਵਾਲ ਉਠਾਇਆ।
ਇਸ ਵਾਰੀ ਛਾਤੀ ਕੱਢ ਕੇ, ਇੱਕ ਆਸ਼ਕ ਸਾਦਕ ਆਇਆ।
ਇਸ ਨੂੰ ਭੀ ਓਸੇ ਤੌਰ ਹੀ, ਤੰਬੂ ਦੇ ਵਿੱਚ ਪੁਚਾਇਆ॥੮॥
ਹੁਣ ਚੌਥੀ ਵਾਰੀ ਆਖਿਆ, ਇੱਕ ਸੀਸ ਅਜੇ ਦਰਕਾਰ ਹੈ।
ਇੱਕ ਹੋਰ ਪਤੰਗੇ ਆਖਿਆ, ਇਹ ਤਾਬੇਦਾਰ ਤਿਆਰ ਹੈ।
ਹੁਣ ਪੰਜਵਾਂ ਸਿਰ ਭੀ ਮੰਗਦੀ, ਇਹ ਲਹੂ ਭਰੀ ਤਲਵਾਰ ਹੈ।
ਇਸ ਵਾਰੀ ਭੀ ਇੱਕ ਜਿੰਦੜੀ, ਹੋ ਗਈ ਹਾਜ਼ਰ ਦਰਬਾਰ ਹੈ॥੯॥
ਬਾਹਰੋਂ ਕੁੱਝ ਭਾਣਾ ਜਾਪਦਾ, ਅੰਦਰ ਕੁੱਝ ਕੌਤਕ ਹੋਰ ਹੈ।
ਇਤ ਉਤਾਰਨ ਘਾਟੇ ਮੌਤ ਦੀ, ਉਤ ਜੀਵਨ ਚੜ੍ਹਦਾ ਤੋੜ ਹੈ।
ਇਸ ਲਹੂ ਭਰੀ ਤਲਵਾਰ 'ਚੋਂ, ਅੰਮ੍ਰਿਤ ਟਪਕਾਣਾ ਲੋੜ ਹੈ।
ਸੰਗਤ ਦੇ ਸਿਦਕ ਪਿਆਰ ਦਾ, ਰਸ ਲੀਤਾ ਗੁਰੂ ਨਿਚੋੜ ਹੈ॥੧੦॥