ਦਿਲ ਤਰੰਗ
1. ਕਿੱਕਰ
ਕਿੱਕਰ ਦਾ ਅਟੰਕ ਰਹਿਣੇ ਵਾਲਾ
ਬ੍ਰਿੱਛ ਆਪਣੇ ਦਿਲ ਤਰੰਗ ਮਾਨੋਂ
ਇਉਂ ਕਹਿੰਦਾ ਹੈ :-
ਕੱਢ ਸਿਰੀ ਉੱਪਰ ਨੂੰ ਟੁਰਿਆ
ਵਲ ਅਕਾਸ਼ਾਂ ਜਾਵਾਂ ।
ਉੱਪਰ ਨੂੰ ਤੱਕਾਂ ਰੱਬ ਵੰਨੇ
ਝਾਤਿ ਨ ਹੋਰਥਿ ਪਾਵਾਂ ।
ਸ਼ਹਿਰ ਗਿਰਾਂ ਮਹਿਲ ਨਹੀਂ ਮਾੜੀ
ਕੁੱਲੀ ਢੋਕ ਨ ਭਾਲਾਂ,
ਮੀਂਹ ਹਨੇਰੀ ਗੜੇ ਧੁੱਪ ਵਿੱਚ
ਨੰਗੇ ਸਿਰ ਦਿਨ ਘਾਲਾਂ ।
ਲੋ ਅਰਸ਼ਾਂ ਦੇ ਵਾਲੀ ਵੰਨੇ,
ਹੋਰ ਲਾਲਸਾ ਨਾਹੀਂ ।
ਗਿੱਠ ਥਾਉਂ ਧਰਤੀ ਤੋਂ ਲੀਤੀ,
ਵਧਾਂ, ਟਿਕਾਂ ਇਸ ਮਾਹੀਂ ।
ਫੁੱਲਾਂ, ਫਲਾਂ, ਖਿੜਾਂ, ਰਸ ਚੋਵਾਂ,
ਰਹਿ ਅਛੋਤ ਟੁਰ ਜਾਵਾਂ ।
ਕੁੱਲੀ, ਗੁੱਲੀ, ਜੁੱਲੀ ਦੁਨੀਆਂ !
ਬਿਨ ਮੰਗੇ ਮਰ ਜਾਵਾਂ ।
ਮੀਂਹ ਦਾ ਪੀਵਾਂ ਪਾਣੀ ਦੁਨੀਆਂ !
ਪੌਣ ਭੱਖ ਕੇ ਜੀਵਾਂ ।
ਸਦੀਆਂ ਤੋਂ ਇਸਥਿਤ ਮੈਂ ਜੋਗੀ
ਸਦੀਆਂ ਇਵੇਂ ਟਿਕੀਵਾਂ ।
ਛੇੜਾਂ, ਛੇੜ ਕਰਾਵਾਂ ਨਾਹੀਂ,
ਹਾਂ ਵਿਰਕਤ, ਨਿਰਗੁਨੀਆਂ ।
ਮੇਰੇ ਜੋਗਾ ਬੀ ਤੈਂ ਪੱਲੇ,
ਹਾਇ, ਕੁਹਾੜਾ ਦੁਨੀਆਂ !