ਕੋਇਲ ਕੁਕੇਂਦੀ ਆ ਗਈ,
ਬੋਲੀ ਪਿਆਰੀ ਪਾ ਗਈ,
ਜੀ ਵੜਦਿਆਂ ਜੀ ਭਾ ਗਈ,
ਉੱਚੜ-ਓ-ਚਿੱਤੀ ਲਾ ਗਈ,
ਹੁਣ ਜੀ ਨ ਲਗਦਾ ਆਲ੍ਹਣੇ
ਰੋਂਦੇ ਨੀ ਮਾਪੇ ਪਾਲਣੇ ।੧।
ਬੱਚੇ ਉਡਾਰੀ ਮਾਰਦੇ,
ਖਾ ਖਾ ਤਣੁੱਕੇ ਪਯਾਰ ਦੇ,
ਮਗਰੇ ਅਵਾਜ਼ ਸਿਧਾਰਦੇ,
ਪਰ ਕਾਉਂ ਫੜ ਫੜ ਮਾਰਦੇ,
ਬੰਨ੍ਹ ਬੰਨ੍ਹ ਕੇ ਰਖਦੇ ਆਲ੍ਹਣੇ,
ਕਰਦੇ ਅਨੇਕਾਂ ਟਾਲਣੇ ।੨।
ਖਿੱਚ ਆ ਅਗੰਮੋਂ ਪੈ ਗਈ,
ਜੋ ਜੀ ਚੁਰਾ ਕੇ ਲੈ ਗਈ,
ਉੱਡਣ ਹੀ ਉੱਡਣ ਦੈ ਗਈ,
ਘਰ-ਵੱਸਣਾਂ ਕਰ ਛੈ ਗਈ,
ਵਾਹ ਲਾਣ ਚੋਗ ਖੁਆਲਣੇ,
ਬੱਚੇ ਨ ਠਹਿਰਨ ਆਲ੍ਹਣੇ ।੩।
ਕਾਂ ਸੋਚਦੇ ਬਹਿ ਰੁੱਖ ਤੇ,
ਬੱਚੇ ਅਸਾਡੀ ਕੁੱਖ ਦੇ,
ਸਾਂਝੀ ਜੁ ਸੇ ਦੁੱਖ ਸੁੱਖ ਦੇ,
ਨੇੜੇ ਨਹੀਂ ਹੁਣ ਢੁੱਕਦੇ,
ਕੰਡੇ ਕੀ ਉਗ ਪਏ ਆਲ੍ਹਣੇ ?
ਨਿਹੁੰ ਮਾਪਿਆਂ ਜਿਨ ਘਾਲਣੇ ।੪।