

ਖੁਸ਼ੀ ਨਾਲ ਦਿੱਤਾ ਧਨ ਏਥੇ ਸਫਲ ਹੋਣਾ ਹੈ। ਇਹ ਸੰਗਤਾਂ ਦਾ ਧਨ ਮੇਰੀ ਲੋਭ ਪੂਰਣਾ ਨਹੀਂ, ਇਹ ਜ਼ਿੰਮੇਵਾਰੀ ਹੈ ਜੋ ਮੈਂ ਸੰਗਤ ਦੇ ਭਲੇ ਲਈ ਲੈਂਦਾ ਹਾਂ ਤੇ ਇਸ ਨੂੰ ਸਫਲਾਉਂਦਾ ਹਾਂ। ਏਹ ਧਨ ਤਸੀਹੇ ਦੇ ਕੇ ਸਿਖਾਂ ਤੋਂ ਲੈਂਦੇ ਹਨ, ਇਹ ਸਿਖਾਂ ਦੀ ਪੀੜਾ ਮੈਨੂੰ ਪੀੜਾ ਹੁੰਦੀ ਹੈ। ਮੈਂ ਸਿਖਾਂ ਵਿਚ ਵਰਤਦਾ ਹਾਂ। ਮੈਂ ਤਾਂ ਪਰਜਾ ਦੀ ਪੀੜਾ ਹਦੇ ਦਰਵਾਜ਼ੇ ਬੰਦ ਕਰਨੇ ਹਨ. ਆਪਣੇ ਸਿੱਖਾਂ ਦੀ ਪੀੜਾ ਕਿਵੇਂ ਸਹਾਰਾਂ। ਜੇ ਏਹ ਭਲੇ ਹੋ ਜਾਣ ਤਾਂ ਕੰਮ ਸੌਖੇਰਾ ਹੋ ਜਾਏ, ਨਹੀਂ ਤਾਂ ਪਹਿਲਾਂ ਸੋਧ ਘਰ ਦੀ ਕਰਨੀ ਪਵੇਗੀ। ਤਾਂ ਚੇਤੋ ਨੇ ਹੱਥ ਬੰਨ੍ਹ ਕੇ ਕਿਹਾ: ਮਸੰਦ ਸਾਰੇ ਆਪ ਦੇ ਅਨੁਕੂਲ ਹਨ, ਕਿਹਾ ਨਹੀਂ ਜਾਂਦਾ, ਕੋਈ ਟਾਂਵਾਂ ਜੇ ਮਾੜਾ ਹੋਇਆ ਤਾਂ ਅਸੀਂ ਆਪ ਮੱਖਣ ਵਿਚੋਂ ਵਾਲ ਵਾਂਗੂ ਕੱਢ ਦਿਆਂਗੇ। ਬੇਖ਼ਤਰ ਰਹੋ ਤੇ ਇਨ੍ਹਾਂ ਤੇ ਇਤਬਾਰ ਕਰੋ ਤੇ ਕ੍ਰਿਪਾ ਕਰਦੇ ਰਹੋ। ਲੋਕਾਂ ਦੀਆਂ ਗੱਲਾਂ ਤੇ ਇਤਬਾਰ ਨਾ ਕਰੋ। ਮਸੰਦਾਂ ਦੇ ਦੋਖੀ ਐਵੇਂ ਵਧਾ ਵਧਾ ਕੇ ਗੱਲਾਂ ਕਰ ਜਾਂਦੇ ਹਨ। ਜਦ ਤਕ ਮੈਂ ਬੈਠਾ ਹਾਂ ਇਨ੍ਹਾਂ ਦਾ ਫਿਕਰ ਨਾ ਕਰੋ।
ਗੁਰੂ ਜੀ--ਮੈਂ ਜਗਤ ਦੀ ਰਖ੍ਯਾ ਕਰਨੀ ਹੈ; ਮੈਂ ਆਪ ਪੀੜਾ ਝੱਲਣੀ ਹੈ, ਪਰ ਦੁਨੀਆਂ ਦੀ ਨਾਸ਼ ਕਰਨੀ ਹੈ। ਇਸ ਗਲ ਤੇ ਜੇ ਟੁਰੋ ਤੇ ਟੋਰੋ ਮਸੰਦਾਂ ਨੂੰ ਤਾਂ ਮੇਰੇ ਹੋ, ਨਹੀਂ ਤਾਂ ਮੈਂ ਹੁਣ ਇਕ ਪਾਸੇ ਗਲ ਕਰਨੀ ਹੈ।
ਇਸ ਪ੍ਰਕਾਰ ਗੱਲਾਂ ਬਾਤਾਂ ਕਰਦਿਆਂ ਹੋਰ ਪੱਖ ਛਿੜ ਪਿਆ ਤੇ ਗੁਰੂ ਜੀ ਹੋਰ ਕਾਰੇ ਲਗ ਗਏ। ਸਮਾਂ ਬੀਤਦਾ ਰਿਹਾ। ਗੁਰੂ ਜੀ ਉਪਚਾਰ ਵੀਚਾਰਦੇ ਰਹੇ। ਇਧਰ ਮਸੰਦ ਮਾਤਾ ਜੀ ਵਡਿਆਂ ਪਾਸ ਆਪਣੇ ਪੱਖ ਦੇ ਵਾਕ ਪੁਚਾਉਂਦੇ ਰਹੇ। ਮਾਤਾ ਜੀ ਨੇ ਇਕ ਦੋ ਵੇਰ ਉਹਨਾਂ ਦੀ ਸਿਪਾਰਸ਼ ਕੀਤੀ ਪਰ ਗੁਰੂ ਜੀ ਨੇ ਉੱਤਰ ਇਹੀ ਦੇਣਾ--ਕਿ ਜੇ ਖਰੇ ਹਨ ਤਾਂ ਮੇਰੇ ਹਨ ਜੇ ਖੋਟੇ ਨਿਕਲੇ ਤਾਂ ਮੇਰੇ ਨਹੀਂ ਹੋਣਗੇ।
ਇਕ ਦਿਨ ਸਤਿਗੁਰੂ ਜੀ ਦੀਵਾਨ ਵਿਚ ਸਜੇ ਬੈਠੇ ਸਨ। ਕੀਰਤਨ ਹੋ ਚੁਕਾ ਸੀ, ਸੰਗਤਾਂ ਪੇਸ਼ ਹੋ ਚੁਕੀਆਂ ਸਨ. ਆਪ ਕੁਛ ਵਾਰਤਾਲਾਪ ਕਰ ਰਹੇ ਸੇ ਕਿ ਅਚਾਨਕ ਚੁਪ ਹੋ ਗਏ ਤੇ ਨੈਣ ਬੰਦ ਕਰ ਲੀਤੇ। ਸੰਗਤ ਬੀ ਚੁੱਪ ਹੋ ਗਈ। ਸੰਗਤ ਉਞ ਹੀ ਅਦਬ ਵਿਚ ਹੁੰਦੀ ਸੀ, ਪਰ ਜੇ ਆਪ ਅਡੋਲ ਹੋ ਜਾਣ ਤਾਂ ਸੰਗਤ