ਦੋਹੜੇ
ਆਦਮ ਰੂਪ ਜਿਹਿਆ ਤਨ ਕੀਤਾ
ਆਦਮ ਰੂਪ ਜਿਹਿਆ ਤਨ ਕੀਤਾ, ਕੌਣ ਬਣਦਾ ਆਪ ਦੀਵਾਨਾ ।
ਬਿਰਹੋਂ ਭੂਤ ਸ਼ੌਦਾਈ ਕਰਕੇ, ਅਤੇ ਕਰਦਾ ਖ਼ਲਕ ਬੇਗ਼ਾਨਾ ।
ਰਹਿਆ ਇਸ਼ਕ ਪਹਾੜ ਚਿਰੇਂਦਾ, ਅਤੇ ਸੀ ਫ਼ਰਹਾਦ ਨਿਸ਼ਾਨਾ ।
ਸੋਈ ਸ਼ਖ਼ਸ ਬੋਲੇ ਵਿਚ ਮੇਰੇ, ਇਵੇਂ ਹਾਸ਼ਮ ਨਾਮ ਬਹਾਨਾ ।
ਆਦਰ ਭਾਉ ਜਗਤ ਦਾ ਕਰੀਏ
ਆਦਰ ਭਾਉ ਜਗਤ ਦਾ ਕਰੀਏ, ਅਤੇ ਕਸਬੀ ਕਹਿਣ ਰਸੀਲਾ ।
ਜੇ ਕਰ ਦੂਰ ਹਟਾਏ ਲੋਕਾਂ, ਅਤੇ ਕਹਿਣ ਸਵਾਨ ਕੁਤੀਲਾ ।
ਦੇਸ ਤਿਆਗ ਫ਼ਕੀਰੀ ਫੜੀਏ, ਨਹੀਂ ਛੁਟਦਾ ਖੇਸ਼ ਕਬੀਲਾ ।
ਹਾਸ਼ਮ ਖ਼ਿਆਲ ਛੁਟੇ ਨਹੀਂ ਰਾਹੀਂ, ਕੋਈ ਸੌ ਤਦਬੀਰ ਨ ਹੀਲਾ ।
ਆਸ਼ਕ ਆਖ ਦੇਖਾਂ ਕਿਸ ਖ਼ਾਤਰ
ਆਸ਼ਕ ਆਖ ਦੇਖਾਂ ਕਿਸ ਖ਼ਾਤਰ, ਨਿਤ ਚਰਬੀ ਮਾਸ ਸੁਕਾਵਣ ।
ਚਾਹੁਣ ਹਰਫ਼ ਹਿਜਰ ਦਾ ਲਿਖਿਆ, ਉਹ ਕਾਗਜ਼ ਸਾਫ਼ ਬਣਾਵਣ ।
ਰੁਕ ਰੁਕ ਸੂਤ ਪਏ ਮਿਸਤਰ ਦਾ, ਅਤੇ ਸਾਬਤ ਕਲਮ ਚਲਾਵਣ ।
ਹਾਸ਼ਮ ਆਸ਼ਕ ਏਸ ਕਿਤਾਬੋਂ, ਨਿਤ ਸਮਝਿ ਸਲੂਕ ਕਮਾਵਣ ।
ਆਸ਼ਕ ਜੇਡ ਬੇਅਕਲ ਨਾ ਕੋਈ
ਆਸ਼ਕ ਜੇਡ ਬੇਅਕਲ ਨਾ ਕੋਈ, ਜਿਨ ਜਾਣ ਸਮਝ ਨਿੱਤ ਖਪਣਾ ।
ਬੇਦ ਕੁਰਾਨ ਪੜ੍ਹੇ ਜੱਗ ਸਾਰਾ, ਓਸ ਨਾਮ ਜਾਨੀ ਦਾ ਜਪਣਾ ।
ਆਤਸ਼ ਲੈਣ ਬਿਗਾਨੇ ਘਰ ਦੀ, ਤੇ ਫੂਕ ਦੇਵਣ ਘਰ ਅਪਣਾ ।
ਹਾਸ਼ਮ ਸ਼ਾਹ ਕੀ ਹਾਸਲ ਇਸ਼ਕੋਂ, ਐਵੇਂ ਮੁਫ਼ਤ ਬਿਰਹੋਂ ਦਾ ਖਪਣਾ ।