ਦਿਲਬਰ ਦਾਮ ਵਿਛਾ ਜ਼ੁਲਫ਼ ਦੀ
ਦਿਲਬਰ ਦਾਮ ਵਿਛਾ ਜ਼ੁਲਫ਼ ਦੀ, ਵਿਚ ਚੋਗ ਹੁਸਨ ਦੀ ਪਾਈ ।
ਦੇਖ ਖ਼ੁਰਾਕ ਜਨਾਵਰ ਦਿਲ ਦਾ, ਉਹ ਜਾ ਪਇਆ ਵਿਚ ਫਾਹੀ ।
ਹੈ ਕਿਤ ਹਾਲ ਗ਼ਰੀਬ ਬਿਚਾਰਾ, ਮੁੜ ਦਿਲ ਦੀ ਖ਼ਬਰ ਨ ਆਈ ।
ਹਾਸ਼ਮ ਮੁੜਨ ਮੁਹਾਲ ਤਿਨ੍ਹਾਂ ਨੂੰ, ਜਿਨ੍ਹਾਂ ਨਿਵ ਸਿਰ ਬਾਜ਼ੀ ਲਾਈ ।
ਦਿਲਬਰ ਵੇਖ ਰਿਹਾ ਵਿਚ ਸ਼ੀਸ਼ੇ
ਦਿਲਬਰ ਵੇਖ ਰਿਹਾ ਵਿਚ ਸ਼ੀਸ਼ੇ, ਉਹਨੂੰ ਸੂਰਤਿ ਨਜ਼ਰ ਨ ਆਵੇ ।
ਪਾਣੀ ਦੇ ਵਿਚ ਸਹੀ ਨ ਹੋਵੇ, ਜਦ ਆਈਨਾ ਅਕਸ ਮਿਲਾਵੇ ।
ਦੀਪਕ ਕੋਲ ਚਿਖਾ ਦੇ ਧਰਿਆ, ਉਹਦੀ ਚਮਕ ਚਮਕ ਮਿਲ ਜਾਵੇ ।
ਹਾਸ਼ਮ ਆਪ ਹੋਵੇ ਲਖ ਸ਼ੀਸ਼ਾ, ਉਹਨੂੰ ਸ਼ੀਸ਼ਾ ਕੌਣ ਦਿਖਾਵੇ ।
ਦਿਲਬਰ ਯਾਰ ਫ਼ਿਰਾਕ ਦੇ ਮੇਰੇ
ਦਿਲਬਰ ਯਾਰ ਫ਼ਿਰਾਕ ਦੇ ਮੇਰੇ, ਵਗਦੇ ਨੈਣ ਫੁਹਾਰੇ ।
ਦਿਲ ਦਾ ਖ਼ੂਨ ਵਗੇ ਵਿਚ ਰਲਿਆ, ਜਿਹੜੇ ਚਮਕਣ ਸੁਰਖ਼ ਸਤਾਰੇ ।
ਆਤਸ਼ਬਾਜ਼ ਪ੍ਰੇਮ ਬਣਾਏ, ਫੁਲਝੜੀਆਂ ਨੈਣ ਬਿਚਾਰੇ ।
ਹਾਸ਼ਮ ਖ਼ੂਬ ਤਮਾਸ਼ਾ ਬਣਿਆ, ਹੁਣ ਲਾਇਕ ਯਾਰ ਪਿਆਰੇ ।
ਦਿਲਬਰ ਯਾਰ ਕੇਹਾ ਤੁਧ ਕੀਤਾ
ਦਿਲਬਰ ਯਾਰ ਕੇਹਾ ਤੁਧ ਕੀਤਾ, ਮੇਰੀ ਪਕੜੀ ਜਾਨ ਅਜ਼ਾਬਾਂ ।
ਦਾਰੂ ਦਰਦ ਤੇਰੇ ਦਾ ਨਾ ਹੈ, ਅਸਾਂ ਪੜ੍ਹੀਆਂ ਲਾਖ ਕਿਤਾਬਾਂ ।
ਰੋਵਣ ਜੋਸ਼ ਲਗੇ ਨਿਤ ਅੱਖੀਆਂ, ਜਦ ਭੜਕੀ ਭਾਹ ਕਬਾਬਾਂ ।
ਹਾਸ਼ਮ ਬਹੁਤ ਸਹੇ ਦੁਖ ਪਿਆਰੇ, ਕਦੀ ਆ ਮਿਲ ਦੇਖ ਖ਼ਰਾਬਾਂ ।