ਦੋ ਦਿਨ ਕੂਕ ਪਪੀਹਾ ਕੂਕੇ
ਦੋ ਦਿਨ ਕੂਕ ਪਪੀਹਾ ਕੂਕੇ, ਉਹਨੂੰ ਬੂੰਦ ਅਕਾਸ਼ੋਂ ਪੈਂਦੀ ।
ਮੇਰੀ ਉਮਰ ਕੂਕੇਂਦਿਆਂ ਗੁਜ਼ਰੀ, ਅਤੇ ਜਾਨ ਸੂਲੀ ਨਿਤ ਸਹਿੰਦੀ ।
ਫਿਰਕਾ ਹੋਰ ਨ ਫਿਰਿਆ ਕੋਈ, ਰਹੀ ਵਾਉ ਇਹੋ ਨਿਤ ਵਹਿੰਦੀ ।
ਹਾਸ਼ਮ ਸਾਸ ਛੁਟਣ ਸੁਖ ਪਾਏ, ਮੇਰੀ ਆਸ ਇਹੋ ਨਿਤ ਰਹਿੰਦੀ ।
ਦੂਰ ਨਿਕਾਬ ਕੀਤਾ ਦਿਲਬਰ ਨੇ
ਦੂਰ ਨਿਕਾਬ ਕੀਤਾ ਦਿਲਬਰ ਨੇ, ਅਤੇ ਚਮਕੀ ਤੇਗ਼ ਮਿਆਨੋਂ ।
ਯਾ ਉਹ ਬਰਕ ਅਬਰ ਸੋਂ ਨਿਕਲੀ, ਯਾ ਹੂਰ ਡਿਗੀ ਅਸਮਾਨੋਂ ।
ਦੇਖ ਸ਼ਹੀਦ ਹੋਇ ਦਿਲ ਘਾਇਲ, ਅਤੇ ਗੁਜ਼ਰੇ ਏਸ ਜਹਾਨੋਂ ।
ਹਾਸ਼ਮ ਜ਼ਾਹਦਾਂ ਜ਼ੁਹਦ ਭੁਲਾਇਆ, ਅਤੇ ਰਹੀ ਕਲਾਮ ਜ਼ਬਾਨੋਂ ।
ਦੋਜ਼ਖ ਦੇ ਵਲ ਨਾਲ ਯਾਰਾਂ ਦੇ
ਦੋਜ਼ਖ ਦੇ ਵਲ ਨਾਲ ਯਾਰਾਂ ਦੇ, ਖ਼ੁਸ਼ ਹੋ ਕੇ ਪਗ ਧਰੀਏ ।
ਜੁਮਲ ਬਹਿਸ਼ਤ ਮਿਲੇ ਬਿਨ ਯਾਰਾਂ, ਤਾਂ ਜ਼ਰਾ ਕਬੂਲ ਨ ਕਰੀਏ ।
ਜੋ ਦਮ ਦੂਰ ਯਾਰਾਂ ਥੀਂ ਹੋਵੇ, ਉਹ ਦੋਜ਼ਖ ਦੇ ਦਮ ਭਰੀਏ ।
ਹਾਸ਼ਮ ਸਾਥ ਯਾਰਾਂ ਦਾ ਕਰੀਏ, ਖ਼ਵਾਹ ਤਰੀਏ ਖ਼ਵਾਹ ਮਰੀਏ ।
ਏਤ ਸਰਾਇ ਮੁਸਾਫ਼ਰਖ਼ਾਨੇ
ਏਤ ਸਰਾਇ ਮੁਸਾਫ਼ਰਖ਼ਾਨੇ, ਕਈ ਆ ਮੁਸਾਫ਼ਰ ਰਹਿੰਦੇ ।
ਰਾਤ ਰਹੇ ਕੋਈ ਇਕ ਪਲ ਠਹਿਰੇ, ਪਰ ਹੋਸ਼ ਆਈ ਉਠ ਬਹਿੰਦੇ ।
ਆਵਣ ਨਾਲ ਹੁਲਾਸ ਹੁਸਨ ਦੇ, ਅਤੇ ਜਾਂਦੇ ਨੀ ਦਿਲ ਦਹਿੰਦੇ ।
ਹਾਸ਼ਮ ਸਮਝਿ ਵਿਹਾਰ ਕਦੀਮੀ, ਅਸੀਂ ਕਾਸ ਪਿਛੇ ਦੁਖ ਸਹਿੰਦੇ ।