ਗੁਲ ਨੇ ਦਰਦ ਦਿਤਾ ਬੁਲਬੁਲ ਨੂੰ
ਗੁਲ ਨੇ ਦਰਦ ਦਿਤਾ ਬੁਲਬੁਲ ਨੂੰ, ਉਹਦੀ ਆਣ ਕੀਤੀ ਦਿਲਦਾਰੀ ।
ਤੂੰ ਮਹਿਬੂਬ ਕਹਿਆ ਬੁਲਬੁਲ ਨੇ, ਕਿਉਂ ਕਰਨਾ ਹੈਂ ਇੰਤਜ਼ਾਰੀ ।
ਮਾਲੀ ਤੋੜ ਲਵਗੁ ਗੁਲ ਕਹਿਆ, ਅਸਾਂ ਜਦ ਇਹ ਰਾਤ ਗੁਜ਼ਾਰੀ ।
ਹਾਸ਼ਮ ਯਾਦ ਕਰੇਸੀ ਬੁਲਬੁਲ, ਇਹ ਉਲਫ਼ਤ ਬਾਤ ਹਮਾਰੀ ।
ਗੁਲ ਤੇ ਖ਼ਾਰ ਪੈਦਾਇਸ਼ ਇਕਸੇ
ਗੁਲ ਤੇ ਖ਼ਾਰ ਪੈਦਾਇਸ਼ ਇਕਸੇ, ਇਸ ਬਾਗ਼ ਚਮਨ ਦੇ ਦੋਵੀਂ ।
ਇਕ ਸ਼ਬ ਉਮਰ ਗੁਲਾਂ ਦੀ ਓੜਕ, ਅਤੇ ਖ਼ਾਰ ਰਹੇ ਨਿਤ ਓਵੀਂ ।
ਥੋੜਾ ਰਹਿਣ ਕਬੂਲ ਪਿਆਰੇ, ਪਰ ਤੂੰ ਖ਼ਾਰ ਨ ਹੋਵੀਂ ।
ਹਾਸ਼ਮ ਆਣ ਮਿਲੀਂ ਗੁਲ ਹੱਸਕੇ, ਭਾਵੇਂ ਇਕ ਪਲ ਪਾਸ ਖਲੋਵੀਂ ।
ਹਾਕਮ ਹੁਕਮ ਨਸੀਬੋਂ ਕਰਦਾ
ਹਾਕਮ ਹੁਕਮ ਨਸੀਬੋਂ ਕਰਦਾ, ਪਰ ਲਸ਼ਕਰ ਪਾਸ ਖੜੋਵੇ ।
ਘਾਇਲ ਇਸ਼ਕ ਦਿਲਾਂ ਨੂੰ ਕਰਦਾ, ਪਰ ਨੈਣ ਵਸੀਲਾ ਹੋਵੇ ।
ਹੈ ਤਕਦੀਰ ਵੱਲੋਂ ਸਭ ਲਿਖਿਆ, ਪਰ ਬਿਨ ਅਸਬਾਬ ਨ ਹੋਵੇ ।
ਹਾਸ਼ਮ ਬਾਝ ਤੁਲਹਾ ਨਹੀਂ ਬੇੜੀ, ਅਤੇ ਪਾਸ ਨਦੀ ਬਹਿ ਰੋਵੇ ।
ਹਰ ਹਰ ਪੋਸਤ ਦੇ ਵਿਚ ਦੋਸਤ
ਹਰ ਹਰ ਪੋਸਤ ਦੇ ਵਿਚ ਦੋਸਤ, ਉਹ ਦੋਸਤ ਰੂਪ ਵਟਾਵੇ ।
ਦੋਸਤ ਤੀਕ ਨਾ ਪਹੁੰਚੇ ਕੋਈ, ਇਹ ਪੋਸਤ ਚਾਇ ਭੁਲਾਵੇ ।
ਦੋਸਤ ਖ਼ਾਸ ਪਛਾਣੇ ਤਾਂਹੀ, ਜਦ ਪੋਸਤ ਖ਼ਾਕ ਰੁਲਾਵੇ ।
ਹਾਸ਼ਮ ਸ਼ਾਹ ਜਦ ਦੋਸਤ ਪਾਵੇ, ਤਦ ਪੋਸਤ ਵਲ ਕਦ ਜਾਵੇ ।