ਹਾਸ਼ਮ ਨਾਮ ਰਖਾਇਆ ਉਸ ਨੇ
ਹਾਸ਼ਮ ਨਾਮ ਰਖਾਇਆ ਉਸ ਨੇ, ਇਕ ਦਮੜੀ ਪਾਸ ਨ ਜਿਸਦੇ ।
ਆਜ਼ਿਜ਼ ਹਾਲ ਹਵਾਲ ਨ ਕੋਈ, ਕੀ ਵਸਫ਼ ਸੁਣਾਏ ਤਿਸਦੇ ।
ਤਨ ਪਿੰਜਰ ਦਿਲ ਘਾਇਲ ਜ਼ਖਮੀ, ਅਤੇ ਨੈਣ ਭਰੇ ਨਿਤ ਦਿਸਦੇ ।
ਪਰ ਹਾਸ਼ਮ ਨੂੰ ਹਸ਼ਮਤ ਏਹੋ, ਹੋਰ ਕਰਮ ਵੰਡਾਏ ਕਿਸ ਦੇ ।
ਹੀਰੇ ! ਲਾਜ ਸਿਆਲਾਂ ਲਾਹਿਆ
ਹੀਰੇ ! ਲਾਜ ਸਿਆਲਾਂ ਲਾਹਿਆ, ਤੁਧ ਯਾਰ ਬਣਾਇਆ ਪਾਲੀ ।
ਚੋਬਰ ਕਰਨ ਮਜ਼ਾਖਾਂ ਤੈਨੂੰ, 'ਔਹ ਹੀਰ ਚਕੇਟੇ ਵਾਲੀ' ।
'ਹੀਰ ਕਦੀਮੀ ਓਹੀ ਵੇ ਲੋਕਾ ! ਅਤੇ ਮੈਂ ਕਦੋਂ ਲੱਜ ਵਾਲੀ ।
ਰਾਂਝਾ ਐਬ ਛੁਪਾਵੇ ਹਾਸ਼ਮ, ਮੇਰਾ ਦੀਨ ਦੁਨੀ ਦਾ ਵਾਲੀ' ।
ਹੇ ਗੁਲ ! ਮੀਤ ਨਹੀਂ ਇਹ ਬੂਟਾ
ਹੇ ਗੁਲ ! ਮੀਤ ਨਹੀਂ ਇਹ ਬੂਟਾ, ਤੂੰ ਨ ਕਰ ਲਾਡ ਇਵੇਹੇ ।
ਇਹ ਕਪਟੀ ਸੁੱਕ ਗਿਆ ਨ ਮੂਲੇ, ਕਈ ਤੋੜ ਲਏ ਤੁਧ ਜੇਹੇ ।
ਰੋ ਪਿਆਰੀ ਬੁਲਬੁਲ ਗੁਲ ਮਿਲ ਕੇ, ਕਦ ਮਿਲਸਣ ਯਾਰ ਅਜੇਹੇ ।
ਹਾਸ਼ਮਸ਼ਾਹ ਅਸਰਾਫ਼ ਕਮੀਨਾ, ਕਿਉਂ ਇਤ ਬਿਧ ਆਣ ਦਸੇਹੇ ।
ਹੁਣ ਤੂੰ ਆਉ ਨ ਆ ਅਸਾਥੀਂ
ਹੁਣ ਤੂੰ ਆਉ ਨ ਆ ਅਸਾਥੀਂ, ਕੋਈ ਆਪੇ ਆਣ ਮਿਲੇਸੀ ।
ਜਿਸ ਦਿਨ ਮੌਤ ਖੜਿਗੁ ਵਿਚ ਕਬਰੇ, ਸਿਰ ਸੌ ਮਣ ਭਾਰ ਪਵੇਸੀ ।
ਤਿਸ ਦਿਨ ਕਰੇਂ ਕਬਰ ਵਲ ਫੇਰਾ, ਤੇਰਾ ਰਾਹ ਸ਼ਹੀਦ ਤਕੇਸੀ ।
ਹਾਸ਼ਮੁ ਹੋਗੁ ਅਹਿਸਾਨ ਤੁਸਾਡਾ, ਮੇਰਾ ਹਰ ਦਮ ਸ਼ੁਕਰ ਕਰੇਸੀ ।