Back ArrowLogo
Info
Profile

ਇਹ ਅਫ਼ਸੋਸ ਰਹਿਗੁ ਦਿਲ ਮੇਰੇ

ਇਹ ਅਫ਼ਸੋਸ ਰਹਿਗੁ ਦਿਲ ਮੇਰੇ, ਤੇ ਜਾਗੁ ਨ ਕਦੀ ਕਦਾਹੀਂ ।

ਦਿਲਬਰ ਦੇ ਹਥ ਦਿਲ ਮੇਰਾ ਲੈ, ਮੇਰੀ ਕਦਰ ਪਛਾਤੋਸੁ ਨਾਹੀਂ ।

ਬੇਪ੍ਰਵਾਹ ਸ਼ਨਾਸ ਨ ਉਸ ਨੂੰ, ਯਾ ਮੈਂ ਕੁਛ ਹੋਗੁ ਗ਼ੁਨਾਹੀਂ ।

ਹਾਸ਼ਮ ਇਹ ਗੱਲ ਕਤਅ ਨ ਕੀਤੀ, ਭਰਮ ਰਹਿਆ ਮਨ ਮਾਹੀਂ ।

 

ਇਹ ਅੱਖੀਂ ਬਿਨ ਫ਼ੌਜ ਹੁਸਨ ਦੀ

ਇਹ ਅੱਖੀਂ ਬਿਨ ਫ਼ੌਜ ਹੁਸਨ ਦੀ, ਸੁੱਤੀ ਕਲਾ ਜਗਾਵਣ ।

ਅਕਲਮੰਦਾਂ ਨੂੰ ਕਰ ਮਨਸੂਬੇ, ਵਸ ਬਿਦਰਦਾਂ ਪਾਵਣ ।

ਹਾਕਮ ਹੁਕਮ ਕਰਨ ਬਿਨ ਲਸ਼ਕਰ, ਬੇਤਕਸੀਰ ਕੁਹਾਵਣ ।

ਹਾਸ਼ਮ ਮਨ ਨ ਆਣੀਂ ਅੱਖੀਂ, ਮਤ ਸੂਲੀ ਪਕੜ ਚੜ੍ਹਾਵਣ ।

 

ਇਹ ਦਿਲ ਖ਼ੁਆਰ ਕਰੇ ਨਿਤ ਮੈਨੂੰ

ਇਹ ਦਿਲ ਖ਼ੁਆਰ ਕਰੇ ਨਿਤ ਮੈਨੂੰ, ਇਸ ਹੋਸ਼ ਗਵਾਇਆ ਮੇਰਾ ।

ਜਿਉਂ ਦਰਿਆ ਹਮੇਸ਼ਾ ਢਾਹਵੇ, ਨਿਤ ਅਪਣਾ ਆਪ ਚੌਫੇਰਾ ।

ਅਪਣੀ ਖ਼ਬਰ ਨਹੀਂ ਇਸ ਦਿਲ ਨੂੰ, ਜਿਉਂ ਦੀਪਕ ਮਗਰ ਅੰਨ੍ਹੇਰਾ ।

ਹਾਸ਼ਮ ਯਾਰ ਮਿਲੇ ਤੁਧ ਆਖਾਂ, ਅਸਾਂ ਖ਼ੂਬ ਡਿਠਾ ਸੁਖ ਤੇਰਾ ।

 

ਇਕ ਬਹਿ ਕੋਲ ਖ਼ੁਸ਼ਾਮਦ ਕਰਦੇ

ਇਕ ਬਹਿ ਕੋਲ ਖ਼ੁਸ਼ਾਮਦ ਕਰਦੇ, ਪਰ ਗ਼ਰਜ਼ੀ ਹੋਣ ਕਮੀਨੇ ।

ਇਕ ਬੇਪਰਵਾਹ ਨ ਪਾਸ ਖੜੋਵਣ, ਪਰ ਹੋਵਣ ਯਾਰ ਨਗੀਨੇ ।

ਕੂੰਜਾਂ ਵਾਂਗੁ ਹਜ਼ਾਰ ਕੋਹਾਂ ਤੇ, ਉਨ੍ਹਾਂ ਸ਼ੌਕ ਵਖੋ ਵਖ ਸੀਨੇ ।

ਹਾਸ਼ਮ ਸਾਜਣ ਕੋਲ ਹਮੇਸ਼ਾਂ, ਭਾਵੇਂ ਵਿਛੜੇ ਹੋਣ ਮਹੀਨੇ ।

19 / 52
Previous
Next