ਇਕਨਾ ਕੋਲ ਹੁਸਨ ਚਤੁਰਾਈ
ਇਕਨਾ ਕੋਲ ਹੁਸਨ ਚਤੁਰਾਈ, ਇਕ ਘਾਇਲ ਯਾਰ ਦੀਵਾਨੇ ।
ਇਕਨਾ ਪਾਸ ਕੂਤ ਨਾ ਸ਼ਬ ਦਾ, ਇਕ ਬਖਸ਼ਣ ਰੋਜ਼ ਖ਼ਜ਼ਾਨੇ ।
ਇਕਨਾ ਦਰਦ ਹਮੇਸ਼ਾ ਆਹੀਂ, ਇਕ ਗਾਵਣ ਨਾਲ ਤਰਾਨੇ ।
ਹਾਸ਼ਮ ਖ਼ੁਆਬ ਚਮਨ ਦੀ ਲਹਿਰੀਂ, ਗਏ ਫਿਰ ਫਿਰ ਕਈ ਜ਼ਮਾਨੇ ।1
ਇਕਨਾ ਰੋਗ ਸਰੀਰਾਂ ਉਪਜੇ
ਇਕਨਾ ਰੋਗ ਸਰੀਰਾਂ ਉਪਜੇ, ਇਕ ਦਿਲ ਦੇ ਵਹਿਮ ਅਜ਼ਾਰੀ ।
ਵਹਿਮ ਖ਼ਿਆਲ ਦਲੀਲਾਂ ਕੀਤਾ, ਉਹਨੂੰ ਕਾਮਲ ਰੋਗ ਬੀਮਾਰੀ ।
ਜੋ ਦਿਲ ਗ਼ਰਕ ਦਲੀਲੀਂ ਹੋਇਆ, ਉਹਨੂੰ ਸਾਸ ਨਿਬਾਹੁਣ ਭਾਰੀ ।
ਹਾਸ਼ਮ ਦਿਲ ਬੇਦਰਦ ਵਟਾਏ, ਕੋਈ ਗਾਹਕ ਮਿਲੇ ਬਿਆਪਾਰੀ ।1
ਇਕ ਪਲ ਹਿਜਰ ਨਹੀਂ ਸਹਿ ਸਕਦਾ
ਇਕ ਪਲ ਹਿਜਰ ਨਹੀਂ ਸਹਿ ਸਕਦਾ, ਤਿਸ ਆਵੇ ਪੇਸ਼ ਜੁਦਾਈ ।
ਦਿਲ ਨੂੰ ਸਬਰ ਅਰਾਮ ਨ ਆਵੇ, ਦੂਜਾ ਦੁਰ ਦੁਰ ਕਰੇ ਲੁਕਾਈ ।
ਦਿਲ ਨੂੰ ਸਿਕਲ ਹੋਵੇ ਹਰ ਤਰਫ਼ੋਂ, ਤਦ ਪਕੜੇ ਐਨ ਸਫ਼ਾਈ ।
ਤਾਂ ਕੁਝ ਬਣੇ ਆਈਨਾ ਹਾਸ਼ਮ, ਅਤੇ ਸਮਝੇ ਭੇਤ ਇਲਾਹੀ ।1
ਇਕਸੇ ਤਾਰ ਬਹਾਰ ਨਾ ਰਹਿੰਦੀ
ਇਕਸੇ ਤਾਰ ਬਹਾਰ ਨਾ ਰਹਿੰਦੀ, ਨਹੀਂ ਇਕਸੇ ਤੌਰ ਜ਼ਮਾਨਾ ।
ਹਰ ਦਿਨ ਚਾਲ ਨਹੀਂ ਅਲਬੇਲੀ, ਨਹੀਂ ਹਰ ਦਮ ਜ਼ੋਰ ਜਵਾਨਾ ।
ਰੋਵਣ ਸੋਗ ਹਮੇਸ਼ ਨਾ ਹੋਵੇ, ਨਹੀਂ ਨਿੱਤ ਨਿੱਤ ਰਾਗ ਸ਼ਹਾਨਾ ।
ਹਾਸ਼ਮ ਬੈਠ ਗਈਆਂ ਲੱਖ ਡਾਰਾਂ, ਇਹ ਜਗਤ ਮੁਸਾਫ਼ਰਖਾਨਾ ।