ਇਕਸੇ ਥਾਉਂ ਨ ਵਗਦੀਆਂ ਨਦੀਆਂ
ਇਕਸੇ ਥਾਉਂ ਨ ਵਗਦੀਆਂ ਨਦੀਆਂ, ਨਹੀਂ ਇਕਸੇ ਤੌਰ ਲੁਕਾਈ ।
ਐ ਦਿਲ ! ਪਕੜ ਦਲੇਰੀ ਦਿਲ ਦੀ, ਕਰ ਸੋਚ ਵਿਚਾਰ ਨ ਕਾਈ ।
ਰਲ ਮਿਲ ਬਹਿਣ ਹਮੇਸ਼ ਨ ਦੇਂਦਾ, ਕਿਉਂ ਨਿਤ ਰਹਿਗੁ ਜੁਦਾਈ ।
ਹਾਸ਼ਮ ਫ਼ਤ੍ਹੇ ਅਸਾਨ ਤਿਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ ।
ਇਨ੍ਹੀਂ ਅੱਖੀਂ ਰੱਬ ਨਜ਼ਰ ਨ ਆਵੇ
ਇਨ੍ਹੀਂ ਅੱਖੀਂ ਰੱਬ ਨਜ਼ਰ ਨ ਆਵੇ, ਰੱਬ ਹੋਰ ਅੱਖੀਂ ਮਨ ਮਾਹੀਂ ।
ਦਹਸਿਰ ਬਿੰਸਤ ਅੱਖੀਂ ਹੱਥ ਆਇਆ, ਪਰ ਰਾਮ ਪਛਾਤੋਸੁ ਨਾਹੀਂ ।
ਜਿਤ ਵਲ ਉਲਟ ਪਵੇ ਰੁਖ ਦਿਲ ਦਾ, ਏਹ ਨੈਣ ਪ੍ਰਾਣ ਤਦਾਹੀਂ ।
ਹਾਸ਼ਮ ਦੋਸ਼ ਨੈਣਾਂ ਨੂੰ ਕੇਹਾ, ਇਸ ਦਿਲ ਦੀਆਂ ਦੂਰ ਨਿਗਾਹੀਂ ।
ਇਸ਼ਕਾ ! ਬਾਲ ਚਿਖਾ ਵਿਚ ਪਾਵੇਂ
ਇਸ਼ਕਾ ! ਬਾਲ ਚਿਖਾ ਵਿਚ ਪਾਵੇਂ, ਤਾਂ ਮੈਂ ਅੰਗ ਨ ਮੋੜਾਂ ਜ਼ੱਰਰਾ ।
ਮੁਖ ਮੋੜਾਂ ਤੇ ਕਾਫ਼ਰ ਥੀਵਾਂ, ਜੇ ਸੀਸ ਧਰਾਵੇਂ ਅੱਰਰਾ ।
ਸ਼ੌਕ ਸ਼ਰਾਬ ਪਿਲਾਇਓਈ ਮੈਨੂੰ, ਹੁਣ ਹੋਇਆ ਮਸਤ ਮੁਕੱਰਰਾ ।
ਹਾਸ਼ਮ ਨਹੀਂ, ਰਹਿਓ ਹੁਣ ਤੂੰ ਹੀ, ਹੁਣ ਮੈਂ ਵਿਚ 'ਮੈਂ' ਨ ਜ਼ਰਰਾ ।
ਇਸ਼ਕਾ ! ਲੱਖ ਔਗੁਣ ਵਿਚ ਤੇਰੇ
ਇਸ਼ਕਾ ! ਲੱਖ ਔਗੁਣ ਵਿਚ ਤੇਰੇ, ਕੋਈ ਇਕ ਦੋ ਚਾਰ ਨ ਪਾਏ ।
ਇਕ ਗੁਣ ਹੈ ਐਸਾ ਵਿਚ ਤੇਰੇ, ਜਿਸ ਸਭ ਇਹ ਐਬ ਛਿਪਾਏ ।
ਜਿਤ ਵਲ ਧਿਆਨ ਕਰੇਂ ਨਹੀਂ ਹਟਦਾ, ਬਿਨ ਮਤਲਬ ਸਿਰ ਪਹੁੰਚਾਏ ।
ਹਾਸ਼ਮ ਏਸ ਪਿਛੇ ਦਿਲ ਘਾਇਲ, ਤੇਰੇ ਹੋਇ ਗ਼ੁਲਾਮ ਵਿਕਾਏ ।