ਇਸ਼ਕ ਅਸਾਂ ਨਾਲ ਐਸੀ ਕੀਤੀ
ਇਸ਼ਕ ਅਸਾਂ ਨਾਲ ਐਸੀ ਕੀਤੀ, ਜਿਉਂ ਰੁੱਖਾਂ ਨਾਲ ਪਾਲਾ ।
ਧਿਰ ਧਿਰ ਹੋਏ ਗ਼ੁਨਾਹੀ ਕਮਲੇ, ਮੈਨੂੰ ਮਿਲਦਾ ਦੇਸ-ਨਿਕਾਲਾ ।
ਇਨ ਬਿਰਹੋਂ ਛਲੀਏ ਵਲ ਲੀਤਾ, ਮੈਂ ਜਾਣਾਂ ਇਸ਼ਕ ਸੁਖਾਲਾ ।
ਹਾਸ਼ਮ ਯਾਰ ਸੱਜਣ ਦੇ ਕਾਰਣ, ਅਸਾਂ ਪੀਤਾ ਜ਼ਹਿਰ ਪਿਆਲਾ ।
ਜਾਂ ਫ਼ਰਹਾਦ ਵਿਖੇ ਤੂੰ ਆਇਓਂ
ਜਾਂ ਫ਼ਰਹਾਦ ਵਿਖੇ ਤੂੰ ਆਇਓਂ, ਉਹਤੋਂ ਜਾ ਪਹਾੜ ਚਿਰਾਇਓ ।
ਮੇਰੇ ਪੈਰ ਜੰਜ਼ੀਰ ਹਯਾ ਦਾ, ਉਹਨੂੰ ਮੂਲ ਨਾ ਚਾਇ ਤੁੜਾਇਓ ।
ਇਸ਼ਕਾ ! ਜ਼ੋਰ ਨਹੀਂ ਵਿਚ ਤੇਰੇ, ਸੱਚ ਆਖ ਬੁਢੇਪਾ ਆਇਓ ?
ਹਾਸ਼ਮ ਲੋਕ ਕਰਨ ਗ਼ਮ ਐਵੇਂ, ਅਸਾਂ ਭੇਤ ਤੇਰਾ ਹੁਣ ਪਾਇਓ ।
ਜਾਨੀ ਜੀਵਨ ਚਾਰ ਦਿਹਾੜੇ
ਜਾਨੀ ਜੀਵਨ ਚਾਰ ਦਿਹਾੜੇ, ਇਹ ਸਦਾ ਨ ਰਹਿਣ ਬਹਾਰੀਂ ।
ਏਸ ਚਮਨ ਵਿਚ ਫਿਰ ਫਿਰ ਗਈਆਂ, ਕੋਟ ਬੇਅੰਤ ਸ਼ੁਮਾਰੀਂ ।
ਮੈਂ ਤੂੰ ਕੌਣ ਵਿਚਾਰੇ ਕਿਸ ਦੇ, ਕਿਸ ਗਿਣਤੀ ਲਾਖ ਹਜ਼ਾਰੀਂ ।
ਹਾਸ਼ਮ ਖ਼ੁਆਬ ਹਯਾਤੀ ਬਦਲੇ, ਤੂੰ ਕੌਲ ਕਰਾਰ ਨ ਹਾਰੀਂ ।
ਜਾਨੀ ਯਾਰ ਨ ਹਾਸਲ ਹੋਂਦੇ
ਜਾਨੀ ਯਾਰ ਨ ਹਾਸਲ ਹੋਂਦੇ, ਫਿਰ ਲਾਖ ਕਰੋੜੀਂ ਮੁਲ ਨੂੰ ।
ਦੇਖ ਦੀਦਾਰ ਕੋਈ ਦਮ ਲਾਹਾ, ਅਤੇ ਜਾਣ ਗ਼ਨੀਮਤ ਗੁਲ ਨੂੰ ।
ਓੜਕ ਤੋੜ ਲੇਜਾਵਗੁ ਮਾਲੀ, ਅਤੇ ਸੋਗ ਪਵਗੁ ਬੁਲਬੁਲ ਨੂੰ ।
ਹਾਸ਼ਮ ਯਾਰ ਮਿਲੇ ਗਲ ਹੱਸਕੇ, ਕੋਈ ਅਜ ਨਹੀਂ ਤੁਧ ਤੁਲ ਨੂੰ ।