ਜਾਨ ਜਹਾਨ ਦੋਵੇਂ ਦਮ ਕੋਈ
ਜਾਨ ਜਹਾਨ ਦੋਵੇਂ ਦਮ ਕੋਈ, ਅਤੇ ਹਿਰਸ ਹਜ਼ਾਰ ਚੁਫੇਰੇ ।
ਮਾਰਨ ਰਾਹ ਸਿਧਾਵਣ ਰਾਤੀਂ, ਅਤੇ ਫ਼ੌਜ ਰਹੇ ਨਿਤ ਨੇੜੇ ।
ਸਾਬਤ ਜਾਨ ਜੁ ਮਾਲ ਦਿਸੀਵੇ, ਅਸੀਂ ਆਣ ਮੁਸਾਫ਼ਰ ਘੇਰੇ ।
ਹਾਸ਼ਮ ਆਪ ਕਰਗੁ ਸੋਈ ਹੋਸੀ, ਹੋਰ ਵਸ ਨਹੀਂ ਕੁਝ ਮੇਰੇ ।
ਜਬ ਲਗ ਮਿਲੀ ਨ ਤੈਨੂੰ ਜਾਗ੍ਹਾ
ਜਬ ਲਗ ਮਿਲੀ ਨ ਤੈਨੂੰ ਜਾਗ੍ਹਾ, ਮੈਂ ਹੀਰ ਆਹੀ ਅਲਬੇਲੀ ।
ਹੁਣ ਮੈਂ ਚੋਰ ਹੋਈ ਜਗ ਸਾਰੇ, ਮੇਰਾ ਤੈਂ ਬਿਨ ਹੋਰ ਨ ਬੇਲੀ ।
ਚਾਕਾ ! ਚਾਕ ਮੇਰਾ ਦਿਲ ਕਰਕੇ, ਹੁਣ ਮਤ ਜਾ ਛੋੜ ਇਕੇਲੀ ।
ਹਾਸ਼ਮ ਦੇਣ ਉਲਾਂਭਾ ਮਾਪੇ, 'ਹੋਈ ਹੀਰ ਰਾਂਝਣ ਦੀ ਚੇਲੀ ।
ਜਦ ਇਹ ਖ਼ਾਕ ਰਿਹਾ ਤਨ ਮੇਰਾ
ਜਦ ਇਹ ਖ਼ਾਕ ਰਿਹਾ ਤਨ ਮੇਰਾ, ਤੁਧ ਦੁਖ ਸੁਖ ਮੂਲ ਨ ਆਹਾ ।
ਭੀ ਮੁੜ ਖ਼ਾਕ ਹੋਈ ਸੀ ਓਵੇਂ, ਕੋਈ ਰੋਜ਼ ਮਿਲਣ ਦਾ ਲਾਹਾ ।
ਆਉ ਜਾਨੀ ! ਗਲ ਲੱਗ ਅਸਾਡੇ, ਤੇਰਾ ਇਸ਼ਕ ਪਿਆ ਗਲਿ ਫਾਹਾ ।
ਹਾਸ਼ਮ ਹੋਗੁ ਸਨਾਸ਼ ਮੁਇਆਂ ਦੀ, ਸੁਣ ਦਿਲਬਰ ਬੇਪਰਵਾਹਾ ।
ਜੈਂ ਦੁਖ, ਪ੍ਰੇਮ ਤਿਨ੍ਹੇ ਹੱਥਿ ਆਇਆ
ਜੈਂ ਦੁਖ, ਪ੍ਰੇਮ ਤਿਨ੍ਹੇ ਹੱਥਿ ਆਇਆ, ਇਸ ਦਿਲਬਰ ਦੀ ਸਰਕਾਰੋਂ ।
ਖ਼ੁਸ਼ ਦਿਲ ਹੋ ਕਰ ਸ਼ੁਕਰ ਖ਼ੁਦਾ ਦਾ, ਹੁਣ ਬਚਿਓਂ ਲਾਖ ਅਜ਼ਾਰੋਂ ।
ਇਕ ਦੁਖ ਤੋਂ ਦੁਖ ਜਾਣ ਹਜ਼ਾਰਾਂ, ਦੇਖ ਹਾਸਲ ਏਸ ਪਿਆਰੋਂ ।
ਹਾਸ਼ਮ ਸ਼ਾਹ ਦੁਖ ਢੂੰਡ ਇਸ਼ਕ ਦਾ, ਇਸ ਕਾਮਲ ਪਾਸ ਹਜ਼ਾਰੋਂ ।