ਜਿਸ ਦਾ ਦਰਦ ਤਿਸੇ ਹੱਥ ਦਾਰੂ
ਜਿਸ ਦਾ ਦਰਦ ਤਿਸੇ ਹੱਥ ਦਾਰੂ, ਹੋਰ ਕੌਣ ਤਬੀਬ ਗੰਵਾਵੇ ।
ਕੂਕ ਦਿਲਾ ! ਕੋਈ ਕੂਕ ਕਹਿਰ ਦੀ, ਮਤ ਸਾਹਿਬ ਜੇ ਸੁਣ ਪਾਵੇ ।
ਮੁੱਦਤਾਂ ਗੁਜ਼ਰ ਗਈਆਂ ਮੁਖ ਡਿਠਿਆਂ, ਮੇਰਾ ਦਿਲਬਰ ਨਜ਼ਰ ਨ ਆਵੇ ।
ਹਾਸ਼ਮੁ ਹੋਗੁ ਕੋਈ ਦਿਨ ਐਸਾ, ਮੇਰਾ ਦਿਲਬਰ ਲਏ ਕਲਾਵੇ ।
ਜਿਸ ਦਿਨ ਸ਼ਹਿਰ ਮਹਿਬੂਬਾਂ ਵਾਲੇ
ਜਿਸ ਦਿਨ ਸ਼ਹਿਰ ਮਹਿਬੂਬਾਂ ਵਾਲੇ, ਕੋਈ ਆਸ਼ਕ ਪੈਰ ਧਰੇਂਦਾ ।
ਜਾਨ ਖ਼ੁਰਾਕ ਬਣਾਵੇ ਗ਼ਮ ਦੀ, ਅਤੇ ਪਲ ਪਲ ਸੂਲ ਸਹੇਂਦਾ ।
ਸੀਸ ਉਤਾਰ ਪਿਆਲਾ ਕਰਕੇ, ਅਤੇ ਲੈ ਹੱਥਿ ਭੀਖ ਮੰਗੇਂਦਾ ।
ਹਾਸ਼ਮ ਤਰਸ ਮਹਿਬੂਬਾਂ ਆਵੇ, ਅਤੇ ਤਾਂ ਕੁਝ ਖ਼ੈਰ ਪਵੇਂਦਾ ।
ਜਿਸ ਦਿਨ ਤੋੜ ਮੁਰਾਦਾਂ ਟੁਰਸੈਂ
ਜਿਸ ਦਿਨ ਤੋੜ ਮੁਰਾਦਾਂ ਟੁਰਸੈਂ, ਉਹ ਰੋਜ਼ ਵਿਸਾਰ ਨ ਭਾਈ ।
ਸੱਥਰ ਘੱਤ ਮੈਦਾਨੇ ਬਹਿਸਨ, ਜਦ ਖੇਸ਼ ਕਬੀਲਾ ਮਾਈ ।
ਹੁਣ ਜਿਥੇ ਦੁਖ ਫੋਲੇਂ ਅਪਣਾ, ਫਿਰ ਸੋ ਧਿਰ ਰਹਗੁ ਨ ਕਾਈ ।
ਹਾਸ਼ਮ ਨੌਬਤ ਵਾਰੀ ਅਪਣੀ, ਫਿਰ ਕਿਨ ਕਿਨ ਨਹੀਂ ਵਜਾਈ ।
ਜਿਸ ਘਰ ਵਿਚ ਹੋਵੇ ਦੁਖਿਆਰਾ
ਜਿਸ ਘਰ ਵਿਚ ਹੋਵੇ ਦੁਖਿਆਰਾ, ਉਹਦੇ ਸਭ ਘਰ ਦੇ ਦੁਖ ਪਾਵਣ ।
ਪਲਕੁ ਵਿਸਾਹ ਕਰੇਨ ਨ ਤਿਸਦਾ, ਅਤੇ ਔਖਧਿ ਵੈਦ ਪੁਛਾਵਣ ।
ਜਿਸ ਤਨ ਵਿਚ ਹੋਵੇ ਦਿਲ ਘਾਇਲ, ਭਲਾ ਸੋ ਤਨ ਕੀ ਸੁਖ ਪਾਵਣ ।
ਹਾਸ਼ਮ ਦਰਦ ਅਜੀਜ਼ ਆਸ਼ਕ ਨੂੰ, ਜਿਹੜੇ ਸੌ ਸੁਖ ਘੋਲ ਘੁਮਾਵਣ ।