ਜਿਸ ਜਾਨੀ ਬਣਿਆ ਜਗ ਜਾਣੇ
ਜਿਸ ਜਾਨੀ ਬਣਿਆ ਜਗ ਜਾਣੇ, ਤੂੰ ਜਾਣ ਸੋਈ ਦਿਲ ਜਾਨੀ ।
ਕਿਸ ਦੇ ਨਾਲ ਬਣੇ ਅਣਬਣਤੀ, ਛਡ ਮੀਤ ! ਇਹ ਪ੍ਰੀਤਿ ਜਹਾਨੀ ।
ਭਲਕੇ ਵਾਉ ਖਿਜ਼ਾਂ ਦੀ ਵਗਸੀ, ਨਾ ਰਖਸੀ ਨਾਮ ਨਿਸ਼ਾਨੀ ।
ਦਮ-ਖ਼ੁਦ ਹੋ ਕਰ ਜਾਹ ਦਮ ਪੂਰੇ, ਤੂੰ ਹਾਸ਼ਮ ਦੀ ਜ਼ਿੰਦਗਾਨੀ !
ਜਿਸ ਨੇ ਇਹ ਗੱਲ ਪੁਖ਼ਤਾ ਜਾਣੀਂ
ਜਿਸ ਨੇ ਇਹ ਗੱਲ ਪੁਖ਼ਤਾ ਜਾਣੀਂ, ਉਹ ਖ਼ਾਮ ਹੋਇਆ ਵਿਚ ਖ਼ੇਸ਼ਾਂ ।
ਲੱਜ਼ਤ ਹਿਜਰ ਵਸਲ ਦੀ ਦੇਖੀ, ਅਤੇ ਕੀਤਾ ਹਾਲ ਪਰੇਸ਼ਾਂ ।
ਬਿਰਹੋਂ ਜ਼ੰਬੂਰ ਚੜ੍ਹੇ ਹਰ ਤਰਫ਼ੋਂ, ਉਹਨੂੰ ਲਾਖ ਲਗਾਵਣ ਨੈਅਸ਼ਾਂ ।
ਹਾਸ਼ਮ ਹਉਂ ਕੁਰਬਾਨ ਉਨ੍ਹਾਂ ਦੇ, ਜਿਹੜੇ ਸਾਹਿਬ ਦਰਦ ਹਮੇਸ਼ਾਂ ।
ਜਿਸ ਨੂੰ ਤਲਬ ਹੋਵੇ ਜਿਸ ਦਿਲ ਦੀ
ਜਿਸ ਨੂੰ ਤਲਬ ਹੋਵੇ ਜਿਸ ਦਿਲ ਦੀ, ਨਹੀਂ ਹਟਦਾ ਲਾਖ ਹਟਾਏ ।
ਤਿਸ ਦੇ ਬਾਝ ਨ ਹੋਸੁ ਤਸੱਲੀ, ਭਾਵੇਂ ਸੌ ਕਰ ਗਿਆਨ ਸੁਣਾਏ ।
ਮਜਨੂੰ ਬਾਝ ਲੇਲੀ ਖ਼ੁਸ਼ ਨਾਹੀਂ, ਭਾਵੇਂ ਰੱਬ ਨੂੰ ਜਾ ਮਿਲਾਏ ।
ਹਾਸ਼ਮ ਜਾਨ ਮੁਰਾਦ ਇਸ਼ਕ ਦੀ, ਉਹਨੂੰ ਅੱਖੀਂ ਯਾਰ ਦਿਖਾਏ ।
ਜਿਸ ਵਿਚ ਚਿਣਗ ਬਿਰਹੋਂ ਦੀ ਪਈਆ
ਜਿਸ ਵਿਚ ਚਿਣਗ ਬਿਰਹੋਂ ਦੀ ਪਈਆ, ਤਿਸ ਨਾਲ ਲਹੂ ਮੁਖ ਧੋਤਾ ।
ਸ਼ਮ੍ਹਾਂ ਜਮਾਲ ਡਿਠਾ ਪਰਵਾਨੇ, ਅਤੇ ਆਣ ਸ਼ਹੀਦ ਖੜੋਤਾ ।
ਜਾਂ ਮਨਸੂਰ ਹੋਇਆ ਮਦ ਮਾਤਾ, ਤਦ ਸੂਲੀ ਨਾਲ ਪਰੋਤਾ ।
ਹਾਸ਼ਮ ਇਸ਼ਕ ਅਜੇਹਾ ਮਿਲਿਆ, ਜਿਸ ਦੀਨ ਮਜ਼੍ਹਬ ਸਭ ਧੋਤਾ ।