ਜਿਥੇ ਬੈਠ ਕਹਾਂ ਦੁਖ ਦਿਲ ਦਾ
ਜਿਥੇ ਬੈਠ ਕਹਾਂ ਦੁਖ ਦਿਲ ਦਾ, ਮੈਨੂੰ ਘਾਇਲ ਮਿਲੇ ਨ ਕੋਈ ।
ਜਿਸ ਨੂੰ ਕੂਕ ਕਹਾਂ ਸੋਈ ਆਖੇ, 'ਭੈੜੀ ਲਾਹ ਪਰੇ ਮੁਖ ਲੋਈ' ।
ਤੇਰਾ ਹੁਸਨ ਮੇਰੀ ਦਿਲਗ਼ੀਰੀ, ਸਭ ਜਗ ਵਿਚ ਜ਼ਾਹਰ ਹੋਈ ।
ਹਾਸ਼ਮ ਇਹ ਅਹਿਸਾਨ ਜਾਨੀ ਦਾ, ਸਾਨੂੰ ਕਿਤ ਵਲ ਮਿਲੇ ਨ ਢੋਈ ।
ਜਿਤ ਵਾਸ ਕਦੀਮ ਕਮੀਨਾ ਕੀਤਾ
ਜਿਤ ਵਾਸ ਕਦੀਮ ਕਮੀਨਾ ਕੀਤਾ, ਭੈੜਾ ਫੜਿਆ ਸੋਗ ਉਦਾਸੀ ।
ਕਿਸਮਤ ਆਣ ਸੁਤੀ ਨਹੀਂ ਸਮਝੇ, ਫੇਰ ਕਿਤ ਵਲ ਟੋਰ ਲੈ ਜਾਸੀ ।
ਚਾਵੜ ਚਾ ਮੁਸਾਫ਼ਰ ਕਹਿਆ, 'ਜੇਹੜਾ ਆਣ ਲੱਤਾ ਸ਼ਬ ਵਾਸੀ ।
ਹਾਸ਼ਮ ਸਮਝ, ਨ ਕਰ ਤੂੰ ਦ੍ਹਾਵਾ, ਮਤ ਹੋਰ ਪਵੇ ਗਲਿ ਫਾਸੀ' ।
ਜੀਉ ਜਾਨੀ ਤਨ ਮਨ ਵਿਚ ਜਾਨੀ
ਜੀਉ ਜਾਨੀ ਤਨ ਮਨ ਵਿਚ ਜਾਨੀ, ਮੈਨੂੰ ਸਭ ਜਾਨੀ ਦਿਸ ਆਵੇ ।
ਹਰਦਮ ਦਰਦ ਜ਼ਬਾਨ ਜਾਨੀ ਦਾ, ਹੋਰ ਸੁਖ਼ਨ ਕਲਾਮ ਨ ਭਾਵੇ ।
ਪਰ ਜਾਨੀ ਜ਼ਾਹਰ ਬਿਨ ਮਿਲਿਆਂ, ਇਨ੍ਹਾਂ ਅੱਖੀਆਂ ਚੈਨ ਨ ਆਵੇ ।
ਹਾਸ਼ਮ ਆਖ ਦਮਾਂ ਦਿਆਂ ਰੁੱਠਿਆਂ, ਪਰ ਕੌਣ ਗੱਲੀਂ ਪਰਚਾਵੇ ।
ਜਿਉਂ ਜਿਉਂ ਬਖ਼ੀਲ ਚੁਫ਼ੇਰੇ ਫਿਰਦੇ
ਜਿਉਂ ਜਿਉਂ ਬਖ਼ੀਲ ਚੁਫ਼ੇਰੇ ਫਿਰਦੇ, ਅਤੇ ਜ਼ੋਰ ਪਿਆ ਜਗ ਲਾਵੇ ।
ਤਿਉਂ ਤਿਉਂ ਦਰਦ ਹੋਵੇ ਨਿਤ ਪੁਖ਼ਤਾ, ਉਹਨੂੰ ਔਖਧ ਵਾਂਗੁ ਸੁਖਾਵੇ ।
ਤੇਰਾ ਦਰਦ ਮੇਰੇ ਵਿਚ ਸੀਨੇ, ਮੇਰੀ ਜਿੰਦ ਜਾਵੇ ਤਦ ਜਾਵੇ ।
ਹਾਸ਼ਮ ਮਿਲਣ ਹਰਾਮ ਤਿਨ੍ਹਾਂ ਨੂੰ, ਜਿਹੜਾ ਦੁਖ ਤੇਰੇ ਦੁਖ ਪਾਵੇ ।