ਜਿਉਂ ਜਿਉਂ ਨਫਸ ਮੋੜੇ ਤਕਦੀਰੋਂ
ਜਿਉਂ ਜਿਉਂ ਨਫਸ ਮੋੜੇ ਤਕਦੀਰੋਂ, ਤਿਉਂ ਤਿਉਂ ਇਹ ਮਨ ਭੂਲੇ ।
ਜੰਮਦਾ ਉਠ ਅੜਾਵਨ ਲਗਦਾ, ਫਿਰਿ ਭਾਰ ਨ ਟਲਦਾ ਮੂਲੇ ।
ਹੋਣੀ ਹੋਗੁ ਸੋਈ ਕੁਝ ਹੋਸੀ, ਕੋਈ ਲਾਖ ਪਿਆ ਸਿਰ ਝੂਲੇ ।
ਹਾਸ਼ਮਸ਼ਾਹ ਕਰ ਸਬਰ ਬਤੇਰਾ, ਤੈਨੂੰ ਖ਼ੈਰ ਪਵਗੁ ਇਤ ਸੂਲੇ ।
ਜੋ ਹੱਡ ਦੁਧ ਮਲਾਈਂ ਪਾਲੇ
ਜੋ ਹੱਡ ਦੁਧ ਮਲਾਈਂ ਪਾਲੇ, ਤੂੰ ਖੋਹ ਖੱਸ ਮਾਲ ਬੇਗ਼ਾਨਾ ।
ਇਕ ਦਿਨ ਲੋਕ ਤਮਾਸ਼ੇ ਕਾਰਣ, ਤੇਰੇ ਧਰਸਨ ਹਾਡ ਨਿਸ਼ਾਨਾ ।
ਤੂੰਹੀ ਨਾਲ ਆਈ ਕਰ ਟੋਟੇ, ਵਿਚ ਧਰ ਕੇ ਇਸ਼ਕ ਬਹਾਨਾ ।
ਹਾਸ਼ਮ ਜਾਨ ਕਹੇ ਤੁਧ ਕੀਤਾ, ਇਹ ਜਗਤ ਮੁਸਾਫ਼ਰਖ਼ਾਨਾ ।
ਕਾਰੀ ਰੋਗ ਬੀਮਾਰੀ ਭਾਰੀ
ਕਾਰੀ ਰੋਗ ਬੀਮਾਰੀ ਭਾਰੀ, ਮੇਰੀ ਕੋਈ ਨ ਕਰਦਾ ਕਾਰੀ ।
ਹਾਰੀ ਉਮਰ ਜਵਾਨੀ ਸਾਰੀ, ਤੇਰੀ ਸੂਰਤ ਤੋਂ ਬਲਿਹਾਰੀ ।
ਡਾਰੀ ਲੋਗ ਕਹਿਣ ਬੁਰਿਆਰੀ, ਭੈੜੀ ਕੂੰਜ ਫਿਰੇ ਬਿਨ ਡਾਰੀਂ ।
ਵਾਰੀ ਘੋਲ ਘੁਮਾਈ ਹਾਸ਼ਮ, ਮੇਰੀ ਬਾਤ ਪੁਛੇਂ ਇਕ ਵਾਰੀ ।
ਕਾਬਲ ਕਦਰ ਮਹਿਬੂਬ ਜੇ ਹੋਵੇ
ਕਾਬਲ ਕਦਰ ਮਹਿਬੂਬ ਜੇ ਹੋਵੇ, ਤਾਂ ਆਸ਼ਕ ਨੂੰ ਲੈ ਤਰਦਾ ।
ਸਾਬਤ ਚਸ਼ਮ ਰਹੇ ਦਿਲਬਰ ਦੀ, ਤਾਂ ਦੇਖੋ ਆਸ਼ਕ ਮਰਦਾ ।
ਇਕ ਚਾਹੇ ਇਕ ਮੂਲ ਨ ਚਾਹੇ, ਉਹ ਹਰਗਿਜ਼ ਨੇਹੁੰ ਨ ਸਰਦਾ ।
ਹਾਸ਼ਮ ਮੂਲ ਨ ਮਰੇ ਸਿਪਾਹੀ, ਜਿਥੇ ਕਦਰ ਨਹੀਂ ਕੋਈ ਕਰਦਾ ।