ਕਾਫ਼ਰ ਕਹਿਰ ਨਜ਼ੂਲ ਵਿਛੋੜਾ
ਕਾਫ਼ਰ ਕਹਿਰ ਨਜ਼ੂਲ ਵਿਛੋੜਾ, ਇਸ ਦਿਲਬਰ ਯਾਰ ਸੱਜਣ ਦਾ ।
ਤਰਸਣ ਨੈਣ ਨਹੀਂ ਵਸ ਚੱਲਦਾ, ਅਤੇ ਦਿਲ ਵਿਚ ਸ਼ੌਕ ਮਿਲਣ ਦਾ ।
ਜ਼ਹਿਮਤ ਏਸ ਨਹੀਂ ਭਰਵਾਸਾ, ਮੈਨੂੰ ਇਕ ਦਿਨ ਹੋਰ ਬਚਣ ਦਾ ।
ਹਾਸ਼ਮ ਬਾਝ ਅਮਲ ਮਰ ਜਾਂਦਾ, ਭੈੜਾ ਅਮਲੀ ਏਸ ਮਿਲਣ ਦਾ ।
ਕਾਫ਼ਰ ਨੈਣ ਭਰੇ ਦਿਲ ਡੰਗਣ
ਕਾਫ਼ਰ ਨੈਣ ਭਰੇ ਦਿਲ ਡੰਗਣ, ਜਿਹੜੇ ਦਿਸਣ ਬਾਲ ਇਆਣੇ ।
ਚਾਮਲ ਚੜ੍ਹਨ ਕਰਨ ਨਿਤ ਸ਼ੋਖੀ, ਅਤੇ ਸੌਦਾ ਕਰਨ ਧਿਙਾਣੇ ।
ਹਾਸੀ ਪਾ ਦਿਤੀ ਗਲ ਫਾਂਸੀ, ਹੁਣ ਰੋਂਦੀ ਵਖਤ ਵਿਹਾਣੇ ।
ਹਾਸ਼ਮ ਦੇਖ ਉਨ੍ਹਾਂ ਨੈਣਾਂ ਨੂੰ, ਕੋਈ ਜਾਣੇ ਬਹੁਤ ਨਿਮਾਣੇ ।
ਕਰ ਅਫ਼ਸੋਸ ਕਹਿਆ ਦਿਲ ਘਾਇਲ
ਕਰ ਅਫ਼ਸੋਸ ਕਹਿਆ ਦਿਲ ਘਾਇਲ, ਜਦ ਡਿਠੋ ਸੁ ਚੰਦ ਉਜਾਲਾ ।
ਸੁਣ ਚੰਦਾ ! ਬੁਲਬੁਲ ਦੇ ਵਿਛੜੇ, ਤੈਨੂੰ ਦਾਗ਼ ਪਿਆ ਗੁਲਲਾਲਾ ।
ਲਾਖ ਚਕੋਰ ਗਏ ਮਰ ਆਸ਼ਕ, ਤੂੰ ਅਜੇ ਨ ਹੋਇਓਂ ਕਾਲਾ ।
ਹਾਸ਼ਮ ਮਿਲਣ ਦਰੁਸਤ ਤਿਨ੍ਹਾਂ ਨੂੰ, ਜਿਨ੍ਹਾਂ ਵਿਛੜਨ ਜ਼ਹਿਰ ਪਿਆਲਾ ।
ਕਰਦੀ ਖ਼ਾਕ ਤੁਹਾਡੇ ਦਰ ਦੀ
ਕਰਦੀ ਖ਼ਾਕ ਤੁਹਾਡੇ ਦਰ ਦੀ, ਸਭ ਦੂਰ ਅੱਖੀਂ ਦੇ ਪਰਦੇ ।
ਕਿਤ ਬਿਧਿ ਖ਼ਾਕ ਅਸਾਂ ਹੱਥ ਆਵੇ, ਭਲਾ ਆਖ ਦਿਤੇ ਬਿਨ ਸਿਰ ਦੇ ।
ਕੀ ਸੁਨਿਆਰ ਪਹਾਰਯੋਂ ਕੂੜਾ, ਭੈੜੇ ਦੇਣ ਨਹੀਂ ਇਹ ਜ਼ਰ ਦੇ ।
ਹਾਸ਼ਮ ਪਹੁੰਚ ਹੋਵੇ ਦਰ ਤੋੜੀਂ, ਅਤੇ ਆਸ਼ਕ ਕਿਉਂ ਜਲ ਮਰਦੇ ।