ਕਰੇ ਖ਼ਰਾਬ ਫ਼ਕੀਰੀ ਤਾਈਂ
ਕਰੇ ਖ਼ਰਾਬ ਫ਼ਕੀਰੀ ਤਾਈਂ, ਇਹ ਦਾਨਸ਼ ਦੂਰੰਦੇਸ਼ੀ ।
ਚਸ਼ਮ ਪਰ ਆਬ ਜਿਗਰ ਪਰ ਆਤਸ਼, ਇਹ ਹਰਫ਼ ਦੁਵੇਂ ਦਰਵੇਸ਼ੀ ।
ਨੀਂਦ ਹਰਮ ਖ਼ੁਸ਼ੀ ਵਿਚ ਸੁਫ਼ਨੇ, ਇਹ ਰਹੇ ਤਰੀਕ ਹਮੇਸ਼ੀ ।
ਬਣੇ ਫ਼ਕੀਰ ਤਾਂ ਸਮਝੇ ਹਾਸ਼ਮ, ਇਹ ਰਸਮ ਕਲੰਦਰ ਕੈਸੀ ।
ਕਰਿ ਕਰਿ ਸਮਝ ਰਹਿਆ ਵਿਚ ਹੈਰਤ
ਕਰਿ ਕਰਿ ਸਮਝ ਰਹਿਆ ਵਿਚ ਹੈਰਤ, ਮੈਨੂੰ ਦਿਲ ਦਾ ਭੇਤ ਨ ਆਵੇ ।
ਕਦੀ ਤਾਂ ਤਖ਼ਤ ਬਹੇ ਬਣ ਹਾਕਮ, ਅਤੇ ਕਦੀ ਕੰਗਾਲ ਕਹਾਵੇ ।
(ਕਦੀ)ਸਖ਼ਤ ਬਿਜ਼ਾਰ ਹੋਵੇ ਖ਼ੁਦ ਜਿਸਮੋਂ, ਸਭ ਕਿਛੁ ਖਾਕ ਮਿਲਾਵੇ ।
ਦੀਗਰ ਕੌਣ ਕਹੇ ਮੈਂ ਹਾਸ਼ਮ, ਜਿਹੜਾ ਰੋਜ਼ ਦੁਕਾਨ ਚਲਾਵੇ ।
ਕੌਣ ਜਨੂੰਨ ਸੱਸੀ ਵਿਚ ਵੜਿਆ
ਕੌਣ ਜਨੂੰਨ ਸੱਸੀ ਵਿਚ ਵੜਿਆ, ਉਠ ਨੱਠੀ ਸ਼ਹਿਰ ਭੰਬੋਰੋਂ ।
ਪੰਛੀ ਰੂਹ ਸੱਸੀ ਦਾ ਭੜਕੇ, ਉਹ ਬਾਜ਼ ਗਿਆ ਛੁਟ ਡੋਰੋਂ ।
ਤਪਦੀ ਖ਼ਾਕ ਉਤੇ ਥਲ ਚੀਰੇ, ਅਤੇ ਸਾਂਝ ਟੁਟੀ ਦਿਲ ਹੋਰੋਂ ।
ਹਾਸ਼ਮ ਯਾਰ ਮਿਲੇ ਮਿਲ ਬੈਠੀ, ਉਨ ਲਾਲ ਲੱਧਾ ਇਸ ਗੋਰੋਂ ।
ਕੌਣ ਕਬੂਲ ਖ਼ਰਾਬੀ ਕਰਦਾ
ਕੌਣ ਕਬੂਲ ਖ਼ਰਾਬੀ ਕਰਦਾ, ਪਰ ਲੇਖ ਖ਼ਰਾਬ ਕਰਾਵੇ ।
ਕਿਸ ਦਾ ਜੀਉ ਨ ਰਾਜ ਕਰਨ ਦਾ, ਪਰ ਕਿਸਮਤ ਭੀਖ ਮੰਗਾਵੇ ।
ਆਪਣੇ ਹਾਥ ਨ ਸੂਲ ਸਹੀ ਦੀ, ਪਰ ਸੂਲੀ ਲੇਖ ਸਹਾਵੇ ।
ਖ਼ੁਸ਼ ਹੋ ਦੇਖ ਸਬਰ ਕਰ ਹਾਸ਼ਮ, ਤੈਨੂੰ ਜੋ ਕੁਝ ਲੇਖ ਦਿਖਾਵੇ ।