ਕੇਹੀ ਬਾਣ ਪਈ ਇਸ ਦਿਲ ਨੂੰ
ਕੇਹੀ ਬਾਣ ਪਈ ਇਸ ਦਿਲ ਨੂੰ, ਭੈੜਾ ਡਿਠਿਆਂ ਬਾਝ ਨ ਜੀਵੇ ।
ਜਿਉਂ ਕਰ ਮਗਸ ਸ਼ਕਰ ਦੇ ਪੀੜੇ, ਉਹ ਵਸ ਕਰ ਜੁਦਾ ਨ ਥੀਵੇ ।
ਆਖ ਦੇਖਾਂ ਕੀ ਹਾਸਲ ਦਿਲ ਨੂੰ, ਭੈੜਾ ਤਪਿਆ ਰੋਜ਼ ਦਸੀਵੇ ।
ਹਾਸ਼ਮ ਇਸ਼ਕ ਕੀਤਾ ਦਿਲ ਦੁਸ਼ਮਣ, ਭਲਾ ਕੌਣ ਇਲਾਜ ਕਜੀਵੇ ।
ਕੇਹੀ ਪ੍ਰੇਮ ਜੜੀ ਸਿਰ ਪਾਈ
ਕੇਹੀ ਪ੍ਰੇਮ ਜੜੀ ਸਿਰ ਪਾਈ, ਮੇਰਾ ਦਿਲ ਜਾਨੀ ਖੱਸ ਲੀਤਾ ।
ਨੈਣਾ ਨੱਕ ਸੂਈ ਦੇ ਵਾਂਗੂ, ਮੇਰਾ ਦਿਲ ਸੋਹਣੇ ਨਾਲ ਸੀਤਾ ।
ਮਾਏ ਭੂਤ ਬਿਰਹੋਂ ਦਾ ਮੈਨੂੰ, ਜਿਨ 'ਮਜਨੂੰ' ਮੁਝ ਨੂੰ ਕੀਤਾ ।
ਹਾਸ਼ਮ ਜੀਵਣ ਬਚਣ ਔਖੇਰਾ, ਜਿਨ ਜ਼ਹਿਰ ਪਿਆਲਾ ਪੀਤਾ ।
ਖ਼ੁਦੀ ਗੁਮਾਨ ਨਫ਼ਸ ਦੀਆਂ ਫੌਜਾਂ
ਖ਼ੁਦੀ ਗੁਮਾਨ ਨਫ਼ਸ ਦੀਆਂ ਫੌਜਾਂ, ਨਿਤ ਦੂਧ ਉਨ੍ਹਾਂ ਮੁਖ ਚੋਵੇ ।
ਲਖ ਬਰਸਾਂ ਤਕ ਜੀਵੇ ਕੋਈ, ਅਤੇ ਲਖ ਫ਼ੌਜਾਂ ਖੜਿ ਢੋਵੇ ।
ਕਰੇ ਮੁਹਿੰਮ ਲੜੇ ਦਿਨ ਰਾਤੀਂ, ਤਾਂ ਰਈਅਤ ਨ ਹੋਵੇ ।
ਕਰੜੀ ਕੈਦ ਨਫ਼ਸ ਦੀ ਹਾਸ਼ਮ, ਏਥੇ ਹਰ ਇਕ ਅਟਕ ਖਲੋਵੇ ।
ਕਿਸ ਕਿਸ ਤਰਫ਼ ਨਹੀਂ ਦਿਲ ਫਿਰਦਾ
ਕਿਸ ਕਿਸ ਤਰਫ਼ ਨਹੀਂ ਦਿਲ ਫਿਰਦਾ, ਅਤੇ ਕੀ ਕੁਝ ਜ਼ੋਰ ਨ ਲਾਵੇ ।
ਪਲ ਵਿਚ ਲਾਖ ਕਰੋੜ ਦਲੀਲਾਂ, ਇਕ ਢਾਹਵੇ ਹੋਰ ਲਿਆਵੇ ।
ਪਰ ਤਕਦੀਰ ਹੋਵੇ ਜਦ ਉਲਟੀ, ਅਤੇ ਪੇਸ਼ ਕੋਈ ਨ ਜਾਵੇ ।
ਹਾਸ਼ਮ ਨਾਲ ਹਿਮਾਇਤ ਅਜ਼ਲੀ, ਹਰ ਇਕ ਚਤੁਰ ਕਹਾਵੇ ।