Back ArrowLogo
Info
Profile

ਕਿਥੇ ਸ਼ਾਹ ਸਕੰਦਰ ਦਾਰਾ

ਕਿਥੇ ਸ਼ਾਹ ਸਕੰਦਰ ਦਾਰਾ, ਅਤੇ ਜਾਮ ਗਿਆ ਕਿਤ ਜਮ ਦਾ ।

ਥਿੜਕਨ ਦੇਉ ਜਿਨ੍ਹਾਂ ਦੀ ਤੇਗ਼ੋਂ, ਅਤੇ ਧੌਲ ਪਿਆ ਨਿਤ ਕੰਬਦਾ ।

ਢੂੰਡਿਆਂ ਖ਼ਾਕ ਤਿਨ੍ਹਾਂ ਨਹੀਂ ਲਭਦੀ, ਇਹ ਜਗਤ ਬੁਰਾ ਘਰ ਗ਼ਮ ਦਾ ।

ਹਾਸ਼ਮ ਜਾਨ ਗ਼ਨੀਮਤ ਦਮ ਨੂੰ, ਭਲਾ ਕਿਆ ਭਰਵਾਸਾ ਦਮ ਦਾ ।

 

ਕਿੱਥੇ ਤਖ਼ਤ ਹਜ਼ਾਰਾ ਮਾਏ

ਕਿੱਥੇ ਤਖ਼ਤ ਹਜ਼ਾਰਾ ਮਾਏ ! ਅਤੇ ਝੰਗ ਸਿਆਲ ਕਿਥਾਹੀਂ ।

ਰਾਂਝਾ ਲੇਖ ਹੀਰੇ ਦੇ ਲਿਖਿਆ, ਤਾਂ ਆਣ ਮਿਲਾਇਆ ਸਾਈਂ ।

ਮਤੀਂ ਦੇਣ ਨ ਮੁੜਸਣ ਮਾਏ ! ਜਿਹੜੇ ਲੇਖ ਤੱਤੀ ਦੇ ਆਹੀਂ ।

ਹਾਸ਼ਮ ਡੋਰ ਫੜੇ ਹੱਥ ਕੋਈ, ਦੋਸ਼ ਅਸਾਂ ਵਿਚ ਨਾਹੀਂ ।

 

ਕਿਤ ਵਲ ਯਾਰ ਗਏ ਦਿਲ ਜਾਨੀ

ਕਿਤ ਵਲ ਯਾਰ ਗਏ ਦਿਲ ਜਾਨੀ, ਜਿਹੜੇ ਰੋਵਣ ਦੂਰ ਗਿਆਂ ਨੂੰ ।

ਜੀਵੰਦਿਆਂ ਦੀ ਬਾਤ ਨ ਪੁਛਦੇ, ਕੀ ਕਰਸਨ ਯਾਦ ਮੁਇਆਂ ਨੂੰ ।

ਸੱਜਣ ਯਾਦ ਪਵਣ ਦੁਖ ਬਣਿਆਂ, ਵਿਚ ਬਿਪਤਾ ਵਖਤ ਪਇਆਂ ਨੂੰ ।

ਐਸੇ ਯਾਰ ਮਿਲਣ ਸਬੱਬੀਂ, ਪਰ ਹਾਸ਼ਮ ਅਸਾਂ ਜਿਹਿਆਂ ਨੂੰ ।

 

ਕਿਉਂ ਜੰਮੀਓਂ ਕਿਉਂ ਫੇਰ ਵਿਆਹੀਓਂ

ਕਿਉਂ ਜੰਮੀਓਂ ਕਿਉਂ ਫੇਰ ਵਿਆਹੀਓਂ, ਜੰਮਦੀ ਮਾਰ ਨ ਸੁੱਟੀ ।

ਦੇਖ ਹੁਣ ਹਾਲ ਸੱਸੀ ਦਾ ਮਾਏ ! ਮੈਂ ਫਿਰਾਂ ਪਲਾਂ(ਥਲਾਂ) ਵਿਚ ਲੁੱਟੀ ।

ਬੇਤਕਸੀਰ ਬੇਦੋਸ਼ੀ ਆਜ਼ਿਜ, ਮੈਂ ਆਣ ਬਲੋਚਾਂ ਲੁੱਟੀ ।

ਹਾਸ਼ਮ ਜਾਨ ਗਵਾਈਆ ਸੱਸੀ, ਪਰ ਆਸ ਉਮੈਦ ਨ ਟੁੱਟੀ ।

31 / 52
Previous
Next