

ਕਿਉਂ ਤਲਵਾਰ ਵਿਛੋੜੇ ਵਾਲੀ
ਕਿਉਂ ਤਲਵਾਰ ਵਿਛੋੜੇ ਵਾਲੀ, ਤੂੰ ਹਰਦਮ ਸਾਣ ਚੜ੍ਹਾਵੇਂ ।
ਤੈਥੇ ਜ਼ੋਰ ਨਹੀਂ, ਬਿਨ ਤੇਗ਼ੋਂ, ਤੂੰ ਐਵੇਂ ਮਾਰਿ ਗਵਾਵੇਂ ।
ਆਸ਼ਕ ਨਾਲ ਨਹੀਂ ਸਿਰ ਰੱਖਦੇ, ਤੂੰ ਕਿਸ ਪਰ ਤੇਗ਼ ਉਠਾਵੇਂ ।
ਹਾਸ਼ਮ ਬੋਲ ਨਹੀਂ, ਮਤ ਬੋਲੇਂ, ਕੋਈ ਹੋਰ ਨਸੀਹਤ ਪਾਵੇਂ ।
ਕੋਈ ਮੁਲ ਨਹੀਂ ਬਿਨ ਪਾਰਖੁ
ਕੋਈ ਮੁਲ ਨਹੀਂ ਬਿਨ ਪਾਰਖੁ, ਲਖ ਪਾਰਸ ਉੱਚ ਕਹਾਵੇ ।
ਹੋਵੇ ਮੁੱਲ ਮਲੂਮ ਲੇਲੀ ਦਾ, ਪਰ ਜੇ ਮਜਨੂੰ ਮੁਲ ਪਾਵੇ ।
ਕੀਮਤ ਕਦਰ ਸ਼ਨਾਸ਼ ਗੁਲਾਂ ਦੀ, ਕੋਈ ਭਵਰੋਂ ਜਾਇ ਪੁਛਾਵੇ ।
ਹਾਸ਼ਮ ਬਾਝ ਪਛਾਨਣ ਵਾਲੇ, ਕੋਈ ਕੀ ਗੁਣ ਕੱਢ ਦਿਖਾਵੇ ।
ਕੁਝ ਤਕਸੀਰ ਅਸਾਥੋਂ ਹੋਈ
ਕੁਝ ਤਕਸੀਰ ਅਸਾਥੋਂ ਹੋਈ, ਜੋ ਯਾਰ ਸੱਜਣ ਚਿਤ ਲਾਇਆ ।
ਯਾ ਕੁਛ ਵਾਉ ਵਗੀ ਕਲਿਯੁਗ ਦੀ, ਕੋਈ ਝੁਲਕ ਮਿਤਰ ਦਿਲ ਆਇਆ ।
ਦਿਲ ਬੇਦਰਦ ਤਬੀਬਾਂ ਕੀਤਾ, ਜੋ ਘਾਇਲ ਚਾਇ ਭੁਲਾਇਆ ।
ਹਾਸ਼ਮ ਜਾਨ ਸਆਦਤ ਏਵੇਂ, ਜੋ ਯਾਰ ਸੱਜਣ ਮਨ ਭਾਇਆ ।
ਕੁਲ ਲਾਜ ਕਬੀਲਾ ਤੇ ਮਾਂ ਪਿਊ
ਕੁਲ ਲਾਜ ਕਬੀਲਾ ਤੇ ਮਾਂ ਪਿਊ, ਅਸਾਂ ਦਿਤਾ ਛੋੜ ਤਿਨ੍ਹਾਂ ਨੂੰ ।
ਕਰੰਗ ਸਰੀਰ ਹੋਇਆ ਗ਼ਮ ਤੇਰੇ, ਅਸਾਂ ਮੰਨੀ ਜਾਨ ਤੁਸਾਂ ਨੂੰ ।
ਕਿਉਂ ਇਸ਼ਕਾ ! ਕੀ ਮੰਗਨਾਈ ਮੈਥੋਂ, ਹੁਣ ਸੱਚ ਕਹਿ ਆਖ ਅਸਾਂ ਨੂੰ ।
ਹਾਸ਼ਮ ਸਾਸ ਹੋਏ ਕਮ ਤੇਰੇ, ਕੀ ਕਰਸੇਂ ਯਾਦ ਮੁਇਆਂ ਨੂੰ ?