

ਲਬ ਖ਼ੁਸ਼ਕੀ ਮੂੰਹ ਜ਼ਰਦੀ ਵਰਤੀ
ਲਬ ਖ਼ੁਸ਼ਕੀ ਮੂੰਹ ਜ਼ਰਦੀ ਵਰਤੀ, ਅਤੇ ਖ਼ੂਨ ਦਿਸੇ ਵਿਚ ਨੈਣਾਂ ।
ਗੁਲ ਨੇ ਦੇਖ ਕਿਹਾ ਬੁਲਬੁਲ ਨੂੰ, 'ਸੱਚ ਹਾਲ ਅਸਾਥੀਂ ਕਹਿਣਾ' ।
ਬੁਲਬੁਲ ਰੋ ਕਿਹਾ, 'ਦੁਖ ਤੇਰੇ, ਸਾਨੂੰ ਸੂਲ ਪਵਗੁ ਹੁਣ ਸਹਿਣਾ' ।
ਹਾਸ਼ਮ ਫੇਰ ਕਹਿਆ ਗੁਲ ਹੱਸਕੇ, 'ਭਲਾ ਆਖ ਸਦਾ ਤੁਧ ਰਹਿਣਾ' ।
ਲੋਕਾਂ ਭਾਣੇ ਵਸਤੀ ਵਸਦੀ
ਲੋਕਾਂ ਭਾਣੇ ਵਸਤੀ ਵਸਦੀ, ਅਤੇ ਸਭ ਜਗ ਆਖੇ ਵਸਦੀ ।
ਆ ਵਸਤੀ ਤਨ ਮਨ ਦੀ ਵਸਤੀ, ਅਤੇ ਦਿਲ ਮੇਰੇ ਦੀ ਵਸਦੀ ।
ਜਿਸ ਵਸਤੀ ਨਾਲ ਨ ਵਸਤੀ ਸਾਨੂੰ, ਉਸ ਵਸਤੀ ਨਾਲ ਨ ਵਸਦੀ ।
ਹਾਸ਼ਮ ਯਾਰ ਮਿਲੇ ਵਿਚ ਬੇਲੇ, ਉਹ ਬਾਗ ਬਹਾਰੀਂ ਵਸਦੀ ।
ਮਾਏ ! ਦਰਦ ਫ਼ਿਰਾਕ ਮਾਹੀ ਦੇ
ਮਾਏ ! ਦਰਦ ਫ਼ਿਰਾਕ ਮਾਹੀ ਦੇ, ਅਜ ਬਾਲ ਚਿਖਾ ਵਿਚ ਪਾਈ ।
ਸੋਜ਼ ਫ਼ਿਰਾਕ ਦੀਵਾਨੀ ਕੀਤੀ, ਮੇਰੀ ਜਾਨ ਲਬਾਂ ਪਰ ਆਈ ।
ਗ਼ਰਜ਼ੀ ਯਾਰ ਦੁਖਾਂ ਤੋਂ ਡਰਿਆ, ਮੁੜ ਵਾਤ ਨ ਪੁਛੀਆ ਕਾਈ ।
ਹਾਸ਼ਮ ਬਾਝ ਲਗੇ ਤਨ ਆਪਣੇ, ਕੌਣ ਜਾਣੇ ਪੀੜ ਪਰਾਈ ।
ਮੈਨੂੰ ਖ਼ਬਰ ਨਹੀਂ ਦਿਲ ਮੇਰਾ
ਮੈਨੂੰ ਖ਼ਬਰ ਨਹੀਂ ਦਿਲ ਮੇਰਾ, ਕਿਸ ਜਾਗ੍ਹਾ ਵਿਚ ਵਸਦਾ ?
ਅਚਰਜ ਦੇਖ, ਇਸ਼ਕ ਨੂੰ ਯਾਰੋ ! ਭਲਾ ਕੌਣ ਕੋਈ ਜਾ ਦੱਸਦਾ ।
ਨਾ ਉਹ ਦਾਮ ਵਿਛਾਈ ਦਿਸਦੀ, ਜਿਤ ਜਾ ਮੇਰਾ ਦਿਲ ਫੱਸਦਾ ।
ਹਾਸ਼ਮ ਬਹੁਤ ਦੇਵੇ ਦੁਖ ਪਿਆਰਾ, ਦਿਲ ਫੇਰ ਉਤੇ ਵਲ ਨੱਸਦਾ ।