Back ArrowLogo
Info
Profile

ਮੈਂ ਵਿਚ ਦੋਸ਼ ਨਹੀਂ ਕੁਝ ਮੂਲੋਂ

ਮੈਂ ਵਿਚ ਦੋਸ਼ ਨਹੀਂ ਕੁਝ ਮੂਲੋਂ, ਮੈਨੂੰ ਲਿਖਿਆ ਲੇਖ ਭੁਲਾਵੇ ।

ਜਿਸ ਨੂੰ ਨਫਰ ਕੀਤਾ ਤਕਦੀਰੋਂ, ਉਹਨੂੰ ਸਾਹਿਬ ਕੌਣ ਬਣਾਵੇ ।

ਮੈਂ ਗੁੱਡੀ ਆਂ ਹਥ ਡੋਰ ਖਿਡਾਰੀ, ਮੈਨੂੰ ਖੁਆਹਸ਼ ਨਾਲ ਫਿਰਾਵੇ ।

ਹਾਸ਼ਮ ਨਰਦ ਹੋਵੇ ਵਸ ਪਾਸੇ, ਉਹਨੂੰ ਪਰਤ ਪਵੇ ਵਸ ਆਵੇ ।

 

ਮੈਂ ਵਿਚ ਤੈਂ ਵਿਚ ਸਾਹਿਬ ਮੇਰੇ

ਮੈਂ ਵਿਚ ਤੈਂ ਵਿਚ ਸਾਹਿਬ ਮੇਰੇ, ਮੈਨੂੰ ਫ਼ਰਕ ਇਹੋ ਦਿਸ ਆਵੇ ।

ਕਰਾਂ ਗੁਨਾਹ ਕਰੋੜ ਹਮੇਸ਼ਾਂ, ਮੈਨੂੰ ਜ਼ਰਾ ਹਯਾ ਨ ਆਵੇ ।

ਭੀ ਦੁਰਕਾਰ ਨ ਸੁਟਦਾ ਦਰ ਤੋਂ, ਅਤੇ ਪਾਲੇ, ਐਬ ਛੁਪਾਵੇ ।

ਹਾਸ਼ਮ ਦੇਖ ਛੰਨਾਰ ਸੁਹਾਗਣਿ, ਉਹਦਾ ਪਾਪ ਸਭੇ ਛਿਪ ਜਾਵੇ ।

 

ਮਜਨੂੰ ਹੋਇ ਬਹਾਂ ਦਿਨ ਇਕਸੇ

ਮਜਨੂੰ ਹੋਇ ਬਹਾਂ ਦਿਨ ਇਕਸੇ, ਜੇ ਯਾਰ ਲੇਲੀ ਹੱਥ ਆਵੇ ।

ਕਾਮਲ ਯਾਰ ਬੇਸਿਦਕ ਆਸ਼ਕ ਨੂੰ, ਉਹ ਸਾਦਕ ਚਾ ਬਣਾਵੇ ।

ਨਾਕਸ ਤਬਅ ਮਹਿਬੂਬ ਜੇ ਹੋਵੇ, ਕੀ ਆਸ਼ਕ ਇਸ਼ਕ ਕਮਾਵੇ ।

ਹਾਸ਼ਮ ਆਸ਼ਕ ਹੋਣ ਸੁਖਾਲਾ, ਪਰ ਹੋਇਆ ਮਹਿਬੂਬ ਨ ਜਾਵੇ ।

 

ਮਜਨੂੰ ਕੂਕ ਕੂੰਜਾਂ ਦੀ ਸੁਣ ਕੇ

ਮਜਨੂੰ ਕੂਕ ਕੂੰਜਾਂ ਦੀ ਸੁਣ ਕੇ, ਉਸ ਕਹਿਆ, 'ਦੁਖ ਨ ਫੋਲੋ ।

ਦੁਖ ਜਰ ਕੇ ਮਰ ਮਰ ਕੇ ਡਰ ਕੇ, ਤੁਸੀਂ ਯਾਰ ਸੱਜਣ ਨੂੰ ਟੋਲੋ ।

ਝੱਬ ਦੇ ਕੂਕ ਤੁਸਾਡੀ ਸੁਣਸੀ, ਪਰ ਜੇ ਕੁਝ ਮੂੰਹੋਂ ਨ ਬੋਲੋ ।

ਹਾਸ਼ਮ ਯਾਰ ਚੜ੍ਹਾਵਗੁ ਸੂਲੀ, ਤੁਸੀਂ ਕਹਿਣ ਪ੍ਰੇਮ ਨ ਖੋਲ੍ਹੋ' ।

34 / 52
Previous
Next