

ਮਜਨੂੰ ਵੇਖਿ ਲਹੂ ਭਰ ਰੋਇਆ
ਮਜਨੂੰ ਵੇਖਿ ਲਹੂ ਭਰ ਰੋਇਆ, ਜਦ ਮੁਇਆ ਪਤੰਗ ਸਿਪਾਹੀ ।
ਸ਼ਾਬਾਸ਼ ! ਯਾਰ ਮਿਲਿਓਂ ਇਕ ਵਾਰੀ, ਮੁੜ ਸਹੀ ਨ ਪੀੜ ਜੁਦਾਈ ।
ਅਸੀਂ ਖ਼ਰਾਬ ਹੋਏ ਮਿਲ ਵਿਛੜੇ, ਹੁਣ ਫਿਰਾਂ ਖ਼ਰਾਬ ਜੁਦਾਈ ।
ਹਾਸ਼ਮ ਵੇਖ ਮੁਇਆ ਦਿਲ ਜਲਿਆ, ਇਨ੍ਹਾਂ ਕੀ ਸਿਰ ਪੋਤ ਉਠਾਈ ।
ਮਾਉ ਬੈਠ ਸੱਸੀ ਨੂੰ ਆਖੇ
ਮਾਉ ਬੈਠ ਸੱਸੀ ਨੂੰ ਆਖੇ, 'ਕਿਉਂ ਕਮਲੀ ਫਿਰੇਂ ਦੀਵਾਨੀ' ?
'ਮਾਏ ਰੋਗ ਲਗੇ ਤਾਂ ਜਾਣੇ, ਕੀ ਜਾਣੇਂ ਪੀੜ ਬੇਗ਼ਾਨੀ ।
ਜਿਸ ਦੇ ਨਾਲ ਮੇਰੀ ਜਿੰਦ ਅਟਕੀ, ਸੋਈ ਛੋੜ ਗਿਆ ਦਿਲ ਜਾਨੀ ।
ਹਾਸ਼ਮ ਸਬਰ ਨ ਆਵੇ ਦਿਲ ਨੂੰ, ਮੇਰੀ ਵਿਸਰੀ ਹੋਸ਼ ਜਹਾਨੀਂ' ।
ਮਰ ਮਰ ਲਾਖ ਗਏ ਨਹੀਂ ਸਮਝੇ
ਮਰ ਮਰ ਲਾਖ ਗਏ ਨਹੀਂ ਸਮਝੇ, ਵਿਚ ਝੰਗ ਸਿਆਲ ਸਲੇਟੀ ।
ਹੀਰ ਜਹਾਨ ਸੁੱਤੀ ਜਗ ਜਾਣੇ, ਜਦ ਬਣੀ ਅਨਾਥ ਚਕੇਟੀ ।
ਪਾਰਸ ਇਸ਼ਕ ਜਿਨ੍ਹਾਂ ਨੂੰ ਮਿਲਿਆ, ਉਹਦੀ ਜਾਤ ਸ਼ਕਲ ਸਭ ਮੇਟੀ ।
ਹਾਸ਼ਮ ਹੀਰ ਬਣੀ ਜਗ-ਮਾਤਾ, ਭਲਾ ਕੌਣ ਕੰਗਾਲ ਜਟੇਟੀ ।
ਮੇਘਲਿਆ ਵੱਸ ਭਾਗੀਂ ਭਰਿਆ
ਮੇਘਲਿਆ ਵੱਸ ਭਾਗੀਂ ਭਰਿਆ, ਤੁਧ ਔਝੜ ਦੇਸ ਵਸਾਏ ।
ਭਲਕੇ ਫੇਰ ਕਰੀਂ ਝੜ ਏਵੇਂ, ਮੇਰਾ ਪੀਆ ਪਰਦੇਸ ਨਾ ਜਾਏ ।
ਕਦ ਅਸਬਾਬ ਅਜੇਹੇ ਮਿਲਸਣ, ਕੋਈ ਕਿਸਮਤ ਆਣ ਮਿਲਾਏ ।
ਹਾਸ਼ਮ ਜਾਣ ਮਿਲਣ ਦਾ ਲਾਹਾ, ਫੇਰ ਵਿਛੜੇ ਕੌਣ ਮਿਲਾਏ ।