

ਮੇਹਨਤ ਫੇਰਿ ਮੁੜੇ ਕੁਝ ਸਾਡੀ
ਮੇਹਨਤ ਫੇਰਿ ਮੁੜੇ ਕੁਝ ਸਾਡੀ, ਜੇ ਆਣ ਦੇਖੇ ਜਿਨ ਲਾਈ ।
ਜਿਉਂ ਜਿਉਂ ਜ਼ਰਦ ਹੋਇਆ ਰੰਗ ਮੇਰਾ, ਮੈਨੂੰ ਹੱਸਦੀ ਦੇਖ ਲੁਕਾਈ ।
ਰੌਸ਼ਨ ਵਾਂਗੁ ਮਹਿਬੂਬਾਂ ਨਾਹੀਂ, ਜੋ ਕਿਸਮਤ ਹੋਸੁ ਸਵਾਈ ।
ਹਾਸ਼ਮ ਸ਼ਾਹ ਪਰ ਸੀਰਤ ਪਾਵੇ, ਜਿਸ ਸੂਰਤ ਖ਼ਾਕ ਰੁਲਾਈ ।
ਮੇਵੇਦਾਰ ਦਰਖ਼ਤ ਮੇਵੇ ਦੇ
ਮੇਵੇਦਾਰ ਦਰਖ਼ਤ ਮੇਵੇ ਦੇ, ਜਿਸ ਦਿਲ ਨੂੰ ਹਿਰਸ ਨ ਕਾਈ ।
ਖ਼ਾਤਰ ਓਸ ਪਿਆ ਉਸ ਝੁਕਣਾ, ਸਿਰ ਭਾਰੀ ਪੋਤ ਉਠਾਈ ।
ਸਰੂ ਕਬੂਲ ਨ ਕੀਤਾ ਮੇਵਾ, ਉਨੂੰ ਹਰਜ ਮਰਜ਼ ਨਹੀਂ ਕਾਈ ।
ਹਾਸ਼ਮ ਹਿਰਸ ਲਗਾ ਨ ਕਾਈ, ਅਤੇ ਸਰੂ ਹੋਇਆ ਉਹ ਭਾਈ ।
ਮੂਰਖ ਲੋਕ ਸਦਾ ਸੁਖ ਸੌਂਦੇ
ਮੂਰਖ ਲੋਕ ਸਦਾ ਸੁਖ ਸੌਂਦੇ ਅਤੇ ਕਮਾਵਣ ਪੈਸਾ ।
ਨਾ ਕੁਛ ਊਚ ਨਾ ਨੀਚ ਪਛਾਨਣ ਅਤੇ ਪ੍ਰੇਮ ਨਾ ਜਾਨਣ ਕੈਸਾ ।
ਸ਼ਾਲਾ! ਨਿਜ ਹੋਵੇ ਚਤੁਰਾਈ, ਸਾਨੂੰ ਖੁਆਰ ਕੀਤਾ ਤੁਧ ਐਸਾ ।
ਹਾਸ਼ਮ ਕਾਟ ਪ੍ਰੇਮ ਕਰੇਂਦਾ, ਜਿਸ ਹੋਸ਼ ਹੋਵੇ ਵਿਚ ਜੈਸਾ ।
ਮੁੱਦਤ ਹਿਰਸ ਜਹਾਨੇ ਵਾਲਾ
ਮੁੱਦਤ ਹਿਰਸ ਜਹਾਨੇ ਵਾਲਾ, ਮੈਂ ਦਿਲ ਵਿਚ ਬਾਗ਼ ਲਗਾਇਆ ।
ਓੜਕ ਬਾਗ਼ ਹੋਇਆ ਪਰਵਰਦਾ, ਅਤੇ ਨਾਲ ਗੁਲਾਂ ਸਭ ਛਾਇਆ ।
ਜਾ ਮੈਂ ਮੁਸ਼ਕ ਲਿਆ ਹਰ ਗੁਲ ਥੋਂ, ਅਤੇ ਭੇਤ ਚਮਨ ਦਾ ਆਇਆ ।
ਹਾਸ਼ਮ ਬੇਬੁਨਿਆਦੀ ਵਾਲਾ, ਮੈਨੂੰ ਮੁਸ਼ਕ ਗੁਲਾਂ ਥੋਂ ਆਇਆ ।