

ਮੁਸ਼ਕਲ ਨੇਹੁ ਲਗਾਵਣ ਹੋਇਆ
ਮੁਸ਼ਕਲ ਨੇਹੁ ਲਗਾਵਣ ਹੋਇਆ, ਮੈਨੂੰ ਧਿਰ ਧਿਰ ਲਾਖ ਨਿਹੋਰਾ ।
ਸਿਰ ਗੱਠੜੀ ਲਖ ਕੋਸ ਟਿਕਾਣਾ, ਅਤੇ ਤਨ ਵਿਚ ਤਨਕ ਨ ਜ਼ੋਰਾ ।
ਦਿਲਬਰ ਯਾਰ ਬਣੀ ਗੱਲ ਔਖੀ, ਮੈਨੂੰ ਬਹਿਣ ਨ ਮਿਲਦਾ ਭੋਰਾ ।
'ਹਾਸ਼ਮ ਨੇਹੁੰ ਨ ਲਾਈਓ ਕੋਈ', ਕੋਈ ਦੇਵੇ ਸ਼ਹਿਰ ਢੰਡੋਰਾ ।
ਨ ਬਣ ਸ਼ੇਖ ਮਸ਼ਾਇਖ ਪਿਆਰੇ
ਨ ਬਣ ਸ਼ੇਖ ਮਸ਼ਾਇਖ ਪਿਆਰੇ, ਨ ਪਹਿਨ ਲਿਬਾਸ ਫ਼ਕਰ ਦਾ ।
ਬਣ ਘਾਇਲ ਮਰ ਦਿਲ ਦੀ ਪੀੜੇ, ਇਹ ਤਿਉਂ ਤਿਉਂ ਦਾਮ ਮਕਰ ਦਾ ।
ਤੋੜ ਖ਼ੁਦੀ ਖ਼ੁਦਬੀਨੀ ਨਫ਼ਸੋਂ, ਅਤੇ ਚਾਕਰ ਰਹਿ ਦਿਲਬਰ ਦਾ ।
ਹਾਸ਼ਮ ਦਰਦ ਜਿਗਰ ਵਿਚ ਬੂਟਾ, ਕਰ ਗਿਰੀਆ ਨਾਲ ਪ੍ਰਵਰਦਾ ।
ਨਦੀਆਂ ਨੀਰ ਰਹਿਣ ਨਿਤ ਤਾਰੂ
ਨਦੀਆਂ ਨੀਰ ਰਹਿਣ ਨਿਤ ਤਾਰੂ, ਇਹ ਕਦੀ ਨ ਹੋਵਣ ਹਲਕੇ ।
ਜੋ ਜਲ ਅੱਜ ਗਿਆ ਇਸ ਰਾਹੀਂ, ਸੋ ਫੇਰ ਨ ਆਵੇ ਭਲਕੇ ।
ਏਵੇਂ ਰਹਿਗੁ ਜਹਾਨ ਵਸੇਂਦਾ, ਪਰ ਅਸੀਂ ਨ ਰਹਿਸਾਂ ਰਲਕੇ ।
ਹਾਸ਼ਮ ਕੌਣ ਕਰਗੁ ਦਿਲਬਰੀਆਂ, ਇਸ ਖ਼ਾਕ ਮਿੱਟੀ ਵਿਚ ਰਲਕੇ ।
ਨਹੀਂ ਕਬੂਲ ਇਬਾਦਤ ਤੇਰੀ
ਨਹੀਂ ਕਬੂਲ ਇਬਾਦਤ ਤੇਰੀ, ਤੂੰ ਜਬ ਲਗ ਪਾਕ ਨ ਹੋਵੇਂ ।
ਆਮਲ ਖ਼ਾਕ ਪਵੇ ਮੁਲ ਤੇਰਾ, ਪਰ ਜਬ ਲਗ ਖ਼ਾਕ ਨ ਹੋਵੇਂ ।
ਨਹੀਂ ਬੇਬਾਕ ਕਦੀ ਹਰ ਤਰਫ਼ੋਂ, ਜਦ ਬੇਇਤਫ਼ਾਕ ਨ ਹੋਵੇਂ ।
ਹਾਸ਼ਮ ਕੀ ਮੁਸ਼ਤਾਕ ਇਸ਼ਕ ਦਾ, ਭਲਾ ਜਾਂ ਸਿਰ ਤਾਕ ਨ ਹੋਵੇਂ ।