

ਨ ਕਰ ਹੋਰ ਇਲਾਜ ਤਬੀਬਾ !
ਨ ਕਰ ਹੋਰ ਇਲਾਜ ਤਬੀਬਾ ! ਮੈਨੂੰ ਫ਼ਰਕ ਨਹੀਂ ਇਕ ਤਿਲ ਦਾ ।
ਦਾਰੂ ਸੇਕ ਲਗੇ ਜਲ ਜਾਇ, ਜਦ ਭੜਕ ਉਠੇ ਦੁਖ ਦਿਲ ਦਾ ।
ਮਾਏ ! ਮਗਰ ਹਰੌਲ ਇਸ਼ਕ ਦਾ, ਮੈਨੂੰ ਪਲਕੁ ਟਿਕਾਉ ਨ ਮਿਲਦਾ ।
ਹਾਸ਼ਮ ਸ਼ੌਕ ਬਥੇਰਾ ਦਿਲ ਨੂੰ, ਪਰ ਹਰਗਿਜ਼ ਰਿਜ਼ਕ ਨ ਹਿਲਦਾ ।
ਨ ਕੁਝ ਮਿਥੀ ਨ ਮਿਥ ਕੇ ਟੁਰਿਆ
ਨ ਕੁਝ ਮਿਥੀ ਨ ਮਿਥ ਕੇ ਟੁਰਿਆ, ਅਸੀਂ ਟੋਰ ਦਿਤੇ ਟੁਰ ਆਏ ।
ਬੀਤਣ ਜੋਗ ਨ ਮਿਥਕੇ ਬੀਤੇ, ਉਨ ਆਪੇ ਚਾ ਬਹਾਏ ।
ਕੁਛ ਮਾਲੂਮ ਨਹੀਂ ਇਹ ਹਿਕਮਤਿ, ਫਿਰ ਕਿਤ ਵਲ ਤੋੜ ਲਿਜਾਏ ।
ਹਾਸ਼ਮ ਆਪ ਕਰੇ ਸਭ ਕਾਰਾਂ, ਵਿਚ ਹਿਕਮਤ ਅਸੀਂ ਬਣਾਏ ।
ਓਸ ਗਲੀ ਦਿਲਬਰ ਦੀ ਜਾਈਏ
ਓਸ ਗਲੀ ਦਿਲਬਰ ਦੀ ਜਾਈਏ, ਪਰ ਅਸਪ ਜਨੂੰਨੀ ਚੜ੍ਹ ਕੇ ।
ਦੁਖਾਂ ਨਾਲ ਖੜਾਂ ਹਮ ਰਾਹੀ, ਅਤੇ ਨਾਲ ਸੁਖਾਂ ਦੇ ਲੜ ਕੇ ।
ਆਖਣ ਲੋਕ ਦੀਵਾਨਾ ਆਇਆ, ਅਤੇ ਢੋਲ ਵਜਾਵਣ ਰਲ ਕੇ ।
ਹਾਸ਼ਮ ਖ਼ੂਬ ਹੋਏ ਦਿਲ ਰਾਜ਼ੀ, ਭਾਈ ਓਸ ਗਲੀ ਵਿਚ ਵੜ ਕੇ ।
ਪਲ ਪਲ ਸ਼ੌਕ ਜ਼ਿਆਦਾ ਹੋਵੇ
ਪਲ ਪਲ ਸ਼ੌਕ ਜ਼ਿਆਦਾ ਹੋਵੇ, ਦਿਲ ਰਖਦਾ ਪੈਰ ਅਗਾਹਾਂ ।
ਦਿਨ ਦਿਨ ਉਮਰ ਨਿਖੁਟਦੀ ਜਾਵੇ, ਉਹਦੀ ਮੁੜਦੀ ਵਾਗ ਪਿਛਾਹਾਂ ।
ਦੋਵੇਂ ਥੋਕ ਨਹੀਂ ਵਸ ਮੇਰੇ, ਇਹੋ ਬਣੀ ਲਚਾਰ ਅਸਾਹਾਂ ।
ਕੀ ਸਿਰ ਕਾਜ ਹੋਵੇ ਕਹਿ ਹਾਸ਼ਮ, ਜਿਥੇ ਇਕ ਘਰ ਲਾਖ ਸਲਾਹਾਂ ।