

ਪਾਂਧੀ ! ਮੰਨ ਸਵਾਲ ਅਸਾਡਾ
ਪਾਂਧੀ ! ਮੰਨ ਸਵਾਲ ਅਸਾਡਾ, ਝੱਬ ਘਿੰਨ ਸੰਨੇਹਾ ਜਾਈਂ ।
ਮੇਹੀਂ ਚਾਰੇ ਤੇ ਚਾਕ ਸਦਾਵੇ, ਵਿਚ ਬੇਲੇ ਬਰਬਰ ਕਾਹੀਂ ।
ਤੱਤੀ ਹੀਰ ਉਡੀਕੇ ਤੈਨੂੰ, ਔਹ ਵਾਲ ਖੁਲ੍ਹੇ ਵਿਚ ਰਾਹੀਂ ।
ਹਾਸ਼ਮ ਆਉ ਨ ਆਉ ਅਸਾਥੇ, ਪਰ ਮਨੋਂ ਵਿਸਾਰੀਂ ਨਾਹੀਂ ।
ਪਾਰਸ ਨਾਲ ਮਿਲੇ ਰੰਗ ਬਦਲੇ
ਪਾਰਸ ਨਾਲ ਮਿਲੇ ਰੰਗ ਬਦਲੇ, ਕਰਨ ਆਸ਼ਕ ਸਾਫ਼ ਨਿਗਾਹੋਂ ।
ਜਿਸ ਜਾ ਸੈਰ ਕਰਨ ਨਿਤ ਆਸ਼ਕ, ਉਹ ਦੂਰ ਮਕਾਨ ਫਨਾਹੋਂ ।
ਦਿਲਬਰ ਲਿਖ ਤਸਵੀਰ ਆਸ਼ਕ ਦੀ, ਹੋਵੇਂ ਮੁਹਕਮ ਕੋਟ ਪਨਾਹੋਂ ।
ਹਾਸ਼ਮ ਪਾਕ ਘਣੇ ਲਖ ਦਫਤਰ, ਕਰਨ ਆਸ਼ਕ ਪਾਕ ਗ਼ੁਨਾਹੋਂ ।
ਫਲਿਆ ਬਾਗ਼ ਲਗੇ ਟੁਰ ਆਵਨ
ਫਲਿਆ ਬਾਗ਼ ਲਗੇ ਟੁਰ ਆਵਨ, ਕਈ ਪੰਛੀ ਲਾਖ ਹਜ਼ਾਰਾਂ ।
ਇਕ ਬੋਲਣ ਇਕ ਖਾਵਣ ਮੇਵੇ, ਇਕ ਬੰਨ੍ਹ ਬੰਨ੍ਹ ਬਹਿਣ ਕਤਾਰਾਂ ।
ਹਾਕਰ ਮਾਰ ਉੜਾ ਨ ਮਾਲੀ ! ਬਣ ਆਸ਼ਕ ਵੇਖ ਦੀਦਾਰਾਂ ।
ਹਾਸ਼ਮ ਬਾਗ਼ ਸੰਭਾਲੀਂ ਅਪਣਾ, ਜਦ ਫਿਰਸਨ ਹੋਰ ਬਹਾਰਾਂ ।
ਪੁਛਿ ਪੁਛਿ ਪਵੇ ਨ ਬਿਪਤਾ ਮੂਲੇ
ਪੁਛਿ ਪੁਛਿ ਪਵੇ ਨ ਬਿਪਤਾ ਮੂਲੇ, ਅਤੇ ਪੁਛਿ ਪੁਛਿ ਹੋਣ ਨ ਰੋਗੀ ।
ਲਿਖਿਆ ਲੇਖ ਕਰੇ ਸਰਗਰਦਾਂ, ਕਿਆ ਜੋਗੀ ਕਿਆ ਭੋਗੀ ।
ਸੋ ਕਿਸ ਤੌਰ ਬਣੇ ਸੁਖਿਆਰਾ, ਜਿਸ ਲੇਖ ਲਿਖਾਇਆ ਸੋਗੀ ।
ਹਾਸ਼ਮ ਲੇਖ ਬਣਾਵੇ ਜੋਗੀ, ਅਤੇ ਲੇਖ ਬਣਾਵੇ ਸੋਗੀ ।