

ਰੱਬ ਦਾ ਆਸ਼ਕ ਹੋਣ ਸੁਖਾਲਾ
ਰੱਬ ਦਾ ਆਸ਼ਕ ਹੋਣ ਸੁਖਾਲਾ, ਇਹ ਬਹੁਤ ਸੁਖਾਲੀ ਬਾਜ਼ੀ ।
ਗੋਸ਼ਾ ਪਕੜ ਰਹੇ ਹੋ ਸਾਬਰ, ਫੜ ਤਸਬੀ ਬਣੇ ਨਿਮਾਜ਼ੀ ।
ਸੁਖ ਆਰਾਮ ਜਗਤ ਵਿਚ ਸ਼ੋਭਾ, ਅਤੇ ਦੇਖ ਹੋਵੇ ਜਗ ਰਾਜ਼ੀ ।
ਹਾਸ਼ਮ ਖ਼ਾਕ ਰੁਲਾਵੇ ਗਲੀਆਂ, ਇਹ ਕਾਫ਼ਰ ਇਸ਼ਕ ਮਜ਼ਾਜੀ ।
ਰਹੇ ਬੁਝਾਇ ਨ ਬੁਝੀ ਮੂਲੋਂ
ਰਹੇ ਬੁਝਾਇ ਨ ਬੁਝੀ ਮੂਲੋਂ, ਖ਼ਬਰ ਲੁਕਾਈ ਅੱਖੀਂ ।
ਓੜਕ ਭੜਕ ਉਠੀ ਨਹੀਂ ਰਹੀਆ, ਇਹ ਅੱਗ ਛੁਪਾਈ ਕੱਖੀਂ ।
ਹੁਣ ਭੜਕੇ ਮੁੜ ਦੇਖਾਂ ਬੁਝੇ, ਤਾਂ ਦੋਜ਼ਖ ਪੈਸਨ ਅੱਖੀਂ ।
ਹਾਸ਼ਮ ਹੋਣ ਸ਼ਹੀਦ ਸ਼ਹਾਦਤ, ਜਿਨ੍ਹਾਂ ਜ਼ਹਿਰ ਇਸ਼ਕ ਦੀ ਚੱਖੀ ।
ਰਾਹੀ ! ਯਾਰ ਰਾਂਝਣ ਨੂੰ ਆਖੀਂ
ਰਾਹੀ ! ਯਾਰ ਰਾਂਝਣ ਨੂੰ ਆਖੀਂ, ਕੋਈ ਹਾਲ ਅਸਾਡੇ ਦਰਦੋਂ ।
ਜਿਚਰਗੁ ਜੋਗ ਕਮਾਵੇਂ ਜੇ ਤੂੰ, ਜਾਨ ਤਲੀ ਪਰ ਧਰਦੋਂ ।
ਮਿਰਜ਼ੇ ਯਾਰ ਵਾਂਗੂੰ ਦਿਨ ਇਕਸੇ, ਯਾ ਮਿਲਦੋਂ ਯਾ ਮਰਦੋਂ ।
ਹਾਸ਼ਮ ਸ਼ਾਹ ਅਜ ਜਾਨ ਬਚਾਵੇਂ, ਜਾਂ ਤੂੰ ਨੇਹੁੰ ਨ ਕਰਦੋਂ ।
ਰੱਖੀਂ ਲਾਜ ਨਿਲਾਜ ਨ ਹੋਵੀਂ
ਰੱਖੀਂ ਲਾਜ ਨਿਲਾਜ ਨ ਹੋਵੀਂ, ਇਥੇ ਪੈਰ ਪਿਛਾਂਹ ਨ ਧਰਨਾ ।
ਜ਼ਹਿਰ ਖ਼ੁਰਾਕ ਬਣਾਈ ਆਪੇ, ਅਤੇ ਮਰਨ ਕੋਲੋਂ ਕਿਉਂ ਡਰਨਾ ।
ਚਮਕੀ ਚਿਖਾ ਇਸ਼ਕ ਦੀ ਪਿਆਰੇ, ਇਥੇ ਸਾਬਤ ਹੋ ਜਲਿ ਮਰਨਾ ।
ਹਾਸ਼ਮ ਇਹੋ ਕਮਾਲ ਇਸ਼ਕ ਦਾ, ਜੋ ਸੀਸ ਅਗਾਂਹਾਂ ਧਰਨਾ ।