

ਰਾਂਝਾ ਹੀਰ ਨੇ ਰੱਬ ਕਰ ਜਾਤਾ
ਰਾਂਝਾ ਹੀਰ ਨੇ ਰੱਬ ਕਰ ਜਾਤਾ, ਲੋਕ ਦੇਇ ਨਸੀਹਤ ਥੱਕੇ ।
ਆਵਾਜ਼ੁਰਦ ਚਕੇਟੇ ਆਖਣ, ਮੈਨੂੰ ਖੇਸ਼ ਕਬੀਲਾ ਸਕੇ ।
ਕਾਬਾ ਤਖ਼ਤ ਹਜ਼ਾਰਾ ਮਾਏ ! ਲੋਕ ਟੁਰ ਟੁਰ ਜਾਵਣ ਮੱਕੇ ।
ਹਾਸ਼ਮ ਆਖ ਹਟਾਉ ਨ ਸਾਨੂੰ, ਅਗੇ ਮਿਲਣ ਚੁਫੇਰਿਓਂ ਧੱਕੇ ।
ਰਾਂਝਾ ਯਾਰ ਗ਼ਰੀਬ ਹੀਰੇ ਦਾ
ਰਾਂਝਾ ਯਾਰ ਗ਼ਰੀਬ ਹੀਰੇ ਦਾ, ਓਨ ਕੰਨ ਪੜਵਾਏ ਤਾਹੀਂ ।
ਸਾਹਿਬ ਜ਼ੋਰ ਨ ਆਜਿਜ਼ ਹੁੰਦੇ, ਉਹ ਜ਼ੋਰ ਕਰਨ ਸਭ ਥਾਈਂ ।
ਉਹੋ ਇਸ਼ਕ ਕਮਾਯਾ ਮਿਰਜ਼ੇ, ਪਰ ਆਜਿਜ਼ ਨਿਵਿਓ ਨਾਹੀਂ ।
ਹਾਸ਼ਮ ਇਸ਼ਕ ਕੰਗਾਲਾਂ ਵਾਲਾ, ਨਿਤ ਰੋਵਣ ਮਾਰਨ ਆਹੀਂ ।
ਰਾਵਤ ਫੀਲ ਨਿਸ਼ਾਨਾਂ ਵਾਲੇ
ਰਾਵਤ ਫੀਲ ਨਿਸ਼ਾਨਾਂ ਵਾਲੇ, ਲਖ ਵਸਦੇ ਕੋਈ ਨ ਤੱਕੇ ।
ਚਾਕ ਚੁਗਾਵੇ ਮੱਝੀਂ ਸੋਈ, ਵੇਖ ਜਹਾਨ ਨ ਸੱਕੇ ।
ਮਾਉ ਰੋਜ਼ ਦੇਵੇ ਲੱਖ ਤਾਅਨੇ, ਅਤੇ ਬਾਪ ਦਿਵਾਵੇ ਧੱਕੇ ।
ਰਾਂਝਾ ਮਾਣ ਨਿਮਾਣੀ ਹਾਸ਼ਮ, ਉਹਨੂੰ ਰੱਬ ਸਲਾਮਤ ਰੱਖੇ ।
ਰੋ ਰੋ ਨਾਲ ਫੁਹਾਰ ਨੈਣਾਂ ਦੀ
ਰੋ ਰੋ ਨਾਲ ਫੁਹਾਰ ਨੈਣਾਂ ਦੀ, ਮੈਂ ਨਿਤ ਰੱਖਾਂ ਝੜ ਲਾਈਂ ।
ਜਾਤੋ ਮੂਲ ਨਹੀਂ ਕਿਤ ਪਾਣੀ, ਹੱਥੋਂ ਗ਼ਮ ਦੀ ਵੇਲ ਵਧਾਈ ।
ਆਤਸ਼ ਸੋਜ਼ ਹਿਜਰ ਦੇ ਵਾਲੀ, ਮੈਂ ਚਾਹਾਂ ਚਾ ਬੁਝਾਈ ।
ਹਾਸ਼ਮ ਖ਼ਬਰ ਨਹੀਂ ਫਲ ਕੇਹਾ, ਇਸ ਵੇਲ ਪਵੇ ਰੁਤ ਆਈ ।