ਅਪਣੀ ਪੀੜ ਸਭੋ ਜਗ ਫੜਿਆ
ਅਪਣੀ ਪੀੜ ਸਭੋ ਜਗ ਫੜਿਆ, ਕੌਣ ਜਾਣੇ ਹਾਲ ਬੇਗ਼ਾਨਾ ।
ਡੋਬੂ ਘਾਟ ਸੰਜੋਗੀਂ ਮੇਲਾ, ਜਿਹੜਾ ਦਿਸਦਾ ਸਹਜ ਯਰਾਨਾ ।
ਹਿਜਰੀ ਸੋਜ਼ ਜਨੂੰਨੀ ਕਰਦਾ, ਕੌਣ ਬਚਦਾ ਆਪ ਦੀਵਾਨਾ ।
ਹਾਸ਼ਮ ਖ਼ੂਬ ਸਤੀ ਝੱਬ ਮਿਲਿਆ, ਵਿਚ ਕਰਕੇ ਮੌਤ ਬਹਾਨਾ ।
ਔਖਧ ਪੇਸ਼ ਨ ਜਾਵਗੁ ਲੋਕਾ
ਔਖਧ ਪੇਸ਼ ਨ ਜਾਵਗੁ ਲੋਕਾ ! ਬਚ ਰਹਿਓ ਨੈਣਾਂ ਦਿਉਂ ਡੰਗੋਂ ।
ਬਿਰਹੋਂ ਰੋਗ ਕੇਹਾ ਹਤਿਆਰਾ, ਨਹੀਂ ਹੁੰਦਾ ਲਾਖ ਵਿਦੰਗੋਂ ।
ਮਾਸ ਗਿਆ ਜਿੰਦ ਰਹੀ ਨ ਬਾਕੀ, ਅਜੇ ਨਿਕਲੇ ਆਹ ਕਰੰਗੋਂ ।
ਹਾਸ਼ਮ ਏਸ ਹਕੀਕਤ ਤਾਈਂ, ਜਾ ਪੁਛੀਏ ਭੌਰ ਪਤੰਗੋਂ ।
ਬੇਬੁਨਿਆਦ ਜਹਾਨ ਪਛਾਣੇ
ਬੇਬੁਨਿਆਦ ਜਹਾਨ ਪਛਾਣੇ, ਇਤਾਂ ਜੋਸ਼ ਕਰੇ ਦਿਲ ਮੇਰਾ ।
ਚਾਹੇ ਤਰਕ ਕੀਤੀ ਹਰ ਤਰਫ਼ੋਂ, ਅਤੇ ਕਰੇ ਗਿਆਨ ਬਥੇਰਾ ।
ਪਰ ਇਹ ਹਿਰਸ ਹਵਾਇ ਜਹਾਨੀਂ, ਭੈੜਾ ਤੋੜਨ ਬਹੁਤ ਔਖੇਰਾ ।
ਹਾਸ਼ਮ ਨੀਂਦ ਉਖਾੜ ਸਵੇਰੇ, ਨਹੀਂ ਦਿਸਦਾ ਸੂਲ ਬਿਖੇੜਾ ।
ਬੇਬੁਨਿਆਦ ਕਰੇਂ ਬੁਨਿਆਦਾਂ
ਬੇਬੁਨਿਆਦ ਕਰੇਂ ਬੁਨਿਆਦਾਂ, ਤੂੰ ਖੋਲ੍ਹ ਅਕਲ ਦੀ ਤਾਕੀ ।
ਜਿਸ ਦਿਨ ਖ਼ਰਚ ਲਹੇਂਗਾ ਸਾਰੇ, ਇਹ ਖ਼ਰਚੀ ਰਹਗੁ ਨ ਬਾਕੀ ।
ਸੌ ਸਮਿਆਨ ਕਰੇਂ ਖੜਿ ਫ਼ੌਜ਼ਾਂ, ਅਤੇ ਜ਼ਰਾ ਨ ਰਹਸੇਂ ਆਕੀ ।
ਹਾਸ਼ਮ ਸਮਝ ਬਿਹਬੂਦ ਪਿਆਰੇ, ਤੂੰ ਖ਼ਾਕੀ ਹੈਂ ਬਣ ਖ਼ਾਕੀ ।