

ਸਾਬਤ ਹੋ ਜਿਸ ਦਰਸ ਇਸ਼ਕ ਦੇ
ਸਾਬਤ ਹੋ ਜਿਸ ਦਰਸ ਇਸ਼ਕ ਦੇ, ਲਿਆ ਹਰਫ਼ ਹਕੀਕਤ ਵਾਲਾ ।
ਹੋ ਬੇਜ਼ਾਰ ਗਿਆ ਸਭ ਇਲਮੋਂ, ਅਤੇ ਤਸਬੀ ਰਹੀ ਨ ਮਾਲਾ ।
ਨ ਉਹ ਸੁਘੜ ਨ ਮੂਰਖ ਹੋਇਆ, ਉਨ ਫੜਿਆ ਪੰਥ ਨਿਰਾਲਾ ।
ਹਾਸ਼ਮ ਜ਼ੁਹਦ ਇਬਾਦਤ ਕੋਲੋਂ, ਉਨ ਮਤਲਬ ਲਿਆ ਸੁਖਾਲਾ ।
ਸਾਹਿਬ ਦਰਦ ਹਮੇਸ਼ਾ ਦਰਦੀ
ਸਾਹਿਬ ਦਰਦ ਹਮੇਸ਼ਾ ਦਰਦੀ, ਜਿਨ੍ਹਾਂ ਦਰਦ ਰਹੇ ਨਿਤ ਮਗਰੇ ।
ਸਾਜਨ ਹੋਣ ਤਬੀਬ ਦੁਖਾਂ ਦੇ, ਜਿਹੜੇ ਰੋਗ ਗਵਾਵਣ ਸਗਰੇ ।
ਪਰ ਇਹ ਨੈਣ ਜਿਵੇਂ ਜਿਉਂ ਦੇਖਣ, ਭੈੜੇ ਤਿਉਂ ਤਿਉਂ ਹੋਣ ਬਿਸਬਰੇ ।
ਹਾਸ਼ਮ ਨੈਣ ਹਮੇਸ਼ ਅਜ਼ਾਰੀ, ਜਿਹੜੇ ਜਾ ਪਏ ਵਿਚ ਕਬਰੇ ।
ਸਾਹਿਬ ਹੁਸਨ ਡਿਠੇ ਸਭ ਖੋਟੇ
ਸਾਹਿਬ ਹੁਸਨ ਡਿਠੇ ਸਭ ਖੋਟੇ, ਅਤੇ ਖੋਟ ਕਮਾਵਣ ਸਾਰਾ ।
ਪਰ ਇਹ ਮੋੜ ਰਹੇ ਨਹੀਂ ਮੁੜਦਾ, ਭੈੜਾ ਮੂਰਖ ਮਨ ਹਤਿਆਰਾ ।
ਹਠ ਤਪ ਦੇਖਦਿਆਂ ਨੱਸ ਜਾਵੇ, ਉਥੇ ਜਤ ਸਤ ਕੌਣ ਬਿਚਾਰਾ ।
ਹਾਸ਼ਮ ਹੁਸਨ ਬਲਾ ਗਜ਼ਬ ਦੀ, ਪਰ ਓੜਕ ਝੂਠ ਪਸਾਰਾ ।
ਸਈਓ ਨੀ ! ਮਗ਼ਰੂਰ ਨ ਹੋਈਓ
ਸਈਓ ਨੀ ! ਮਗ਼ਰੂਰ ਨ ਹੋਈਓ, ਤੁਸਾਂ ਕਿਉਂ ਘਰ ਬਾਰ ਭੁਲਾਏ ।
ਮਾਪੇ ਲਾਡ ਲਡਾਵਣ ਸਾਨੂੰ, ਪਰ ਕਾਰਣ ਦੇਣ ਪਰਾਏ ।
ਈਹੋ ਛੋੜ ਗਈਆਂ ਕੁਲ ਵੇਹੜਾ, ਜਿਨ੍ਹਾਂ ਜਾ ਘਰ ਹੋਰ ਬਣਾਏ ।
ਹਾਸ਼ਮ ਜਾਨ ਢੂੰਡਾਊ ਸਾਡੀ, ਕੋਈ ਅੱਜ ਆਏ ਕੱਲ ਆਏ ।