

ਸੰਭਲ ਖੇਤ ਮੀਆਂ ! ਇਸ਼ਕੇ ਦਾ
ਸੰਭਲ ਖੇਤ ਮੀਆਂ ! ਇਸ਼ਕੇ ਦਾ, ਹੁਣ ਨਿਕਲੀ ਤੇਗ਼ ਮਿਆਨੋਂ ।
ਖਾ ਮਰ ਜ਼ਹਿਰ ਪਿਆਰੀ ਕਰਕੇ, ਜੇ ਲਈ ਹਈ ਏਸ ਦੁਕਾਨੋਂ ।
ਸਿਰ ਦੇਵਣ ਦਾ ਸਾਕ ਇਸ਼ਕ ਦਾ, ਹੋਰ ਨਫ਼ਾ ਨ ਅਕਲ ਗਿਆਨੋਂ ।
ਹਾਸ਼ਮ ਬਾਝ ਮੁਇਆਂ ਨਹੀਂ ਬਣਦੀ, ਅਸਾਂ ਡਿੱਠਾ ਵੇਦ ਕੁਰਾਨੋਂ ।
ਸਰਦੀ ਮਾਰ ਰਖੀ ਪਰ ਸੋਹਣੀ
ਸਰਦੀ ਮਾਰ ਰਖੀ ਪਰ ਸੋਹਣੀ, ਬਾਝ ਮੁਇਆਂ ਨਹੀਂ ਸਰਦੀ ।
ਦਰਦੀ ਦਰਦ ਫ਼ਿਰਾਕ ਰੰਞਾਣੀ, ਮੈਂ ਖ਼ਾਕ ਤੁਸਾਡੇ ਦਰ ਦੀ ।
ਜਰਦੀ ਜਾਨ ਜਿਗਰ ਵਿਚ ਪੀੜਾਂ, ਮੈਂ ਵਾਂਙ ਚਿਖਾ ਦੇ ਜਲਦੀ ।
ਭਰਦੀ ਨੈਣ ਤੱਤੀ ਨਿਤ ਹਾਸ਼ਮ, ਮੈਂ ਬਾਝ ਤੁਸਾਂ ਦੁਖ ਭਰਦੀ ।
ਸੱਸੀ ਪਲਕ ਨ ਹੱਸੀ ਦਿਸੀ
ਸੱਸੀ ਪਲਕ ਨ ਹੱਸੀ ਦਿਸੀ, ਜਿਹੜੀ ਕੁੱਠੀ ਤੇਗ਼ ਨਜ਼ਰ ਦੀ ।
ਸੁਣ ਲੋਕਾ ! ਕੋਈ ਮੇਰਾ ਹੋਕਾ, ਮੈਂ ਮੁੱਠੀ ਨੀਂਦ ਫ਼ਜ਼ਰ ਦੀ ।
ਹਾਏ ! ਮੈਂ ਮਰ ਜਾਂਦੀ ਜੰਮਦੀ, ਕਿਉਂ ਸਹਿੰਦੀ ਸੂਲ ਹਿਜਰ ਦੀ ।
ਹਾਸ਼ਮ ਲੇਖ ਸੱਸੀ ਦੇ ਆਹੇ, ਇਹੋ ਕਿਸਮਤ ਕਲਮ ਕਹਿਰ ਦੀ ।
ਸੌ ਆਫ਼ਤ ਲੱਖ ਘੁੰਮਣਵਾਣੀ
ਸੌ ਆਫ਼ਤ ਲੱਖ ਘੁੰਮਣਵਾਣੀ, ਇਸ ਪ੍ਰੇਮ ਨਦੀ ਵਿਚ ਵੜਿਆਂ ।
ਖ਼ਾਸੇ ਯਾਰ ਨ ਉਤਰੇ ਕੋਈ, ਬਿਨ ਸਾਦਕ ਸਿਦਕ ਨ ਤਰਿਆ ।
ਦਿਲਬਰ ਯਾਰ ਵਿਸਾਰੀਂ ਨਾਹੀਂ, ਅਸਾਂ ਦਰਦਮੰਦਾਂ ਦੁਖ ਭਰਿਆਂ ।
ਹਾਸ਼ਮ ਤਾਂਘ ਨ ਜਾਵਗੁ ਤੈਂਡੀ, ਮੇਰੇ ਏਸ ਦਿਲੋਂ ਬਿਨ ਮਰਿਆਂ ।1