

ਸੌ ਦੁਖ ਮੇਰੀ ਜਿੰਦ ਨਿਤ ਜਰਦੀ
ਸੌ ਦੁਖ ਮੇਰੀ ਜਿੰਦ ਨਿਤ ਜਰਦੀ, ਜਿਹੜਾ ਪਲਕੁ ਨ ਜਾਵੇ ਜਰਿਆ ।
ਜਾਰੀ ਜ਼ਖਮ ਜਿਗਰ ਦਾ ਹੋਇਆ, ਦੇਖਿ ਖ਼ੂਨ ਅੱਖੀਂ ਵਿਚ ਭਰਿਆ ।
ਮੇਰਾ ਹਾਲ ਪਛਾਣੇ ਮਜਨੂੰ, ਜਿਨ ਸੌ ਦੁਖ ਲੇਲਾਂ (ਦਾ) ਜਰਿਆ ।
ਹਾਸ਼ਮੁ ਯਾਰ ਮਿਲਗੁ ਕਿ ਨਾਹੀ, ਮੇਰਾ ਹਿਜਰ ਵਲੋਂ ਦਿਲ ਡਰਿਆ ।
ਸਾਵਣ ਦੀ ਘਟ ਦੇਖ ਪਪੀਹਾ
ਸਾਵਣ ਦੀ ਘਟ ਦੇਖ ਪਪੀਹਾ, ਉਹ ਰੋਇ ਕਹੇ ਦੁਖ ਬੈਨੋਂ ।
'ਸੁਣ ਤੂੰ ਯਾਰ ! ਪਿਟਣ ਕੁਰਲਾਵਣ, ਇਹ ਭਾ ਪਿਆ ਨਿਤ ਮੈਂ ਨੋਂ ।
ਪਰ ਗਰਜਨ ਬਰਸਨ ਅੱਜ ਵਾਲਾ, ਮੁੜ ਹਾਥ ਨ ਆਵਗੁ ਤੈਂ ਨੋਂ ।
ਹਾਸ਼ਮ ਕਰ ਅਹਿਸਾਨ ਮਿੱਤ੍ਰਾਂ ਸਿਰ, ਅਤੇ ਕਰ ਸਕਣਾ ਫੇਰ ਕੈਂ ਨੋਂ' ।
ਸ਼ੀਰੀਂ ਨਾਮ ਧਰਾਇਆ ਸ਼ੀਰੀਂ
ਸ਼ੀਰੀਂ ਨਾਮ ਧਰਾਇਆ ਸ਼ੀਰੀਂ, ਪਰ ਕੌੜੀ ਜ਼ਹਿਰ ਹਮੇਸ਼ਾ ।
ਦੇਂਦੀ ਜ਼ਹਿਰ ਪਿਆਲਾ ਭਰ ਕੇ, ਨਿਤ ਖ਼ੂਨ ਕਰਨ ਦਾ ਪੇਸ਼ਾ ।
ਇਕ ਘੁੱਟ ਲੈ ਫ਼ਰਹਾਦ ਵਿਚਾਰਾ, ਉਹ ਮਾਰ ਮੋਇਆ ਸਿਰ ਤੇਸਾ ।
ਹਾਸ਼ਮ ਪਿਆਰ ਮਹਿਬੂਬਾਂ ਵਾਲਾ, ਅਤੇ ਗੱਲ ਗੱਲ ਦਾ ਰਗ ਰੇਸਾ ।
ਸਿਦਕ ਮਲਾਹ ਸਮੁੰਦਰ ਤਾਰੇ
ਸਿਦਕ ਮਲਾਹ ਸਮੁੰਦਰ ਤਾਰੇ, ਜਿਥੇ ਪੰਛੀ ਪਾਰ ਨ ਹੋਵੇ ।
ਜਿਸ ਦਾ ਥਾਉਂ ਮਕਾਨ ਨ ਰੱਬ ਦਾ, ਤਿਸ ਜਾ ਹਜ਼ੂਰ ਖਲੋਵੇ ।
ਓੜਕ ਮੁਲ ਪਵੇ ਜੇਹੜਾ ਮੋਤੀ, ਨਿਤ ਮਿਜ਼ਗ਼ਾਂ ਨਾਲ ਪਰੋਵੇ ।
ਹਾਸ਼ਮ ਤਾਂਘ ਹੋਵੇ ਜਿਸ ਦਿਲ ਦੀ, ਓਹੀ ਜਦ ਕਦ ਹਾਸਲ ਹੋਵੇ ।