

ਸਿਰ ਸਿਰ ਰਿਜ਼ਕ ਜਿਨ੍ਹਾਂ ਦਾ ਲਿਖਿਆ
ਸਿਰ ਸਿਰ ਰਿਜ਼ਕ ਜਿਨ੍ਹਾਂ ਦਾ ਲਿਖਿਆ, ਸੋਈ ਸਿਰ ਸਿਰ ਉਮਰ ਲਿਖਾਏ ।
ਨਾ ਉਹ ਘਟੇ ਘਟਾਏ ਮੂਲੋਂ, ਨ ਉਹ ਵਧੇ ਵਧਾਏ ।
ਕਰ ਗੁਜ਼ਰਾਨ ਉਤੇ ਵਲ ਜਾਸੀ, ਮੁੜ ਫੇਰ ਉਤੇ ਚਿਤ ਜਾਏ ।
ਕੀ ਸਿਰ ਭਾਰ ਪਿਆ ਮਿਤ੍ਰਾਂ ਦੇ, ਉਨ੍ਹਾਂ ਮਨ ਤੋਂ ਚਾ ਭੁਲਾਏ ।
ਸੋ ਭਲਵਾਨ ਬਹਾਦਰ ਨਾਹੀਂ
ਸੋ ਭਲਵਾਨ ਬਹਾਦਰ ਨਾਹੀਂ, ਜੇਹੜੇ ਢਾਹ ਲੈਣ ਕੁਝ ਮਸਤਾਂ ।
ਸਾਹਿਬ ਜ਼ੋਰ ਹੋਵੇ ਜਗ ਜਾਣੇ, ਜੇਹੜੇ ਦਿਲ ਨੂੰ ਦੇਣ ਸ਼ਿਕਸ਼ਤਾਂ ।
ਮੂਲ ਗਵਾ ਲਿਆ ਮੈਂ ਜੇਹੀਆਂ, ਅਸਾਂ ਸ਼ਹਿਵਤ ਹਿਰਸ-ਪ੍ਰਸਤਾਂ ।
ਸਾਹਿਬ ਮਗਜ਼ ਰਸੀਲੇ ਹਾਸ਼ਮ, ਜਿਹੜੇ ਕਰ ਕਰ ਬਹਿਣ ਨਿਸ਼ਸਤਾਂ ।
ਸੂਲਾਂ ਸੱਲੀ ਤੇ ਦਰਦਾਂ ਮੱਲੀ
ਸੂਲਾਂ ਸੱਲੀ ਤੇ ਦਰਦਾਂ ਮੱਲੀ, ਮੈਂ ਫਿਰਾਂ ਦੀਵਾਨੀ ਝੱਲੀ ।
ਬਿਰਹੋਂ ਲੁੱਟੀ ਤੇ ਸਾਥੋਂ ਟੁੱਟੀ, ਮੈਂ ਕਮਲੀ ਫਿਰਾਂ ਇਕੱਲੀ ।
ਮਜਨੂੰ ਜਾ ਮੋਇਆ ਜਿਸ ਵਿਹੜੇ, ਮੈਂ ਮੌਤ ਵਿਹਾਜਣ ਚੱਲੀ ।
ਹਾਸ਼ਮ ਯਾਰ ਮਿਲੇ ਲੱਖ ਪਾਵਾਂ, ਮੇਰੀ ਮਿਹਨਤ ਪਵੇ ਸਵੱਲੀ ।
ਸੋਜ਼ ਫ਼ਿਰਾਕ ਨਸੀਬ ਅਸਾਡੇ
ਸੋਜ਼ ਫ਼ਿਰਾਕ ਨਸੀਬ ਅਸਾਡੇ, ਅਸੀਂ ਭਾ ਪਇਆ ਦੁਖ ਭਰਸਾਂ ।
ਜੇ ਦਿਨ ਰਾਤ ਰਹਾਂ ਵਿਚ ਜਲ ਦੇ, ਅਤੇ ਵਾਂਗ ਪਪੀਹੇ ਤਰਸਾਂ ।
ਕਰ ਤਕਬੀਰ ਹੋਵੇ ਛੁਟਕਾਰਾ, ਮਤ ਮੌਤ ਹਰਾਮ ਨ ਮਰਸਾਂ ।
ਹਾਸ਼ਮ ਤਲਬ ਰਹੇ ਜਿੰਦ ਜਾਏ, ਤਾਂ ਮੈਂ ਸ਼ੁਕਰ ਹਜ਼ਾਰਾਂ ਕਰਸਾਂ ।