Back ArrowLogo
Info
Profile

ਸੁੰਦਰ ਸੁਘੜ ਰਸੀਲੇ ਰਸੀਏ

ਸੁੰਦਰ ਸੁਘੜ ਰਸੀਲੇ ਰਸੀਏ, ਕਈ ਕੋਟ ਜਗਤ ਵਿਚ ਆਏ ।

ਲਖ ਹਾਥੀ ਲਖ ਲਸ਼ਕਰ ਘੋੜੇ, ਵਿਚ ਏਸ ਜ਼ਿਮੀਨ ਸਮਾਏ ।

ਪਲ ਛਲ ਖ਼ੁਆਬ ਖ਼ਿਆਲ ਵਸੇਰਾ, ਕੋਈ ਕਾਸ ਪਿਛੇ ਭੁਲ ਜਾਏ ।

ਹਾਸ਼ਮ ਕਿਸ ਜੀਵਨ ਭਰਵਾਸੇ, ਅਸੀਂ ਮਿਤਰਾਂ ਚਾ ਭੁਲਾਏ ।

 

ਸੁਣ ਜਾਨੀ ! ਤੈਨੂੰ ਲਿਖ ਜਾਨੀ

ਸੁਣ ਜਾਨੀ ! ਤੈਨੂੰ ਲਿਖ ਜਾਨੀ, ਪਰ ਜਾਨ ਨਹੀਂ ਵਲ ਜਾਨੀ ।

ਕਿਸ ਨੂੰ ਹੋਗੁ ਸ਼ਨਾਸ ਅਜੇਹਾ, ਜੇਹੜੀ ਹੋਗੁ ਖ਼ਰਾਬ ਦੀਵਾਨੀ ।

ਤੇਰੇ ਸ਼ੌਕ ਪਿਛੇ ਦਿਲ ਮੇਰੇ, ਸਭ ਜਾਣੀ ਖ਼ਲਕ ਬੇਗਾਨੀ ।

ਹਾਸ਼ਮ ਵਾਰ ਸੁਟੀ ਜਿੰਦ ਮੇਰੀ, ਤੇਰੇ ਇਸ਼ਕ ਉਤੋਂ ਕੁਰਬਾਨੀ ।

 

ਸੁਣ ਇਸ਼ਕਾ ! ਜੇਹੀ ਤੁਧ ਨੇ ਕੀਤੀ

ਸੁਣ ਇਸ਼ਕਾ ! ਜੇਹੀ ਤੁਧ ਨੇ ਕੀਤੀ, ਤੂੰ ਰੋਜ਼ ਸਤਾਵੇਂ ਮੈਨੂੰ ।

ਇਕ ਵਾਰੀ ਨਿਤ ਆਵੇਂ ਮੇਰੇ, ਮੈਂ ਖ਼ੂਬ ਰੁਲਾਵਾਂ ਤੈਨੂੰ ।

ਤੇਰੇ ਜੇਡ ਬੇਵਫ਼ਾ ਨ ਕੋਈ, ਮੈਂ ਕੂਕ ਸੁਣਾਵਾਂ ਕੈਂ ਨੂੰ ।

ਹਾਸ਼ਮ ਖ਼ੁਆਰ ਕਰੇਂ ਜਗ ਸਾਰੇ, ਤੂੰ ਯਾਰ ਬਣਾਵੇਂ ਜੈਂ ਨੂੰ ।

 

ਸੁੱਟਾਂ ਵਾਰ ਬਹਿਸ਼ਤਾਂ ਲੋਕਾਂ

ਸੁੱਟਾਂ ਵਾਰ ਬਹਿਸ਼ਤਾਂ ਲੋਕਾਂ, ਜੇ ਰੀਸ ਕਰਨ ਦਿਲਬਰ ਦੀ ।

ਦੋਜ਼ਖ ਕੌਣ ਕਰੇਨ ਬਰਾਬਰ, ਇਸ ਆਤਸ਼ ਸੋਜ਼ ਹਿਜਰ ਦੀ ।

ਦੋਵੇਂ ਥੋਕ ਨਹੀਂ ਵਸ ਮੇਰੇ, ਮੈਂ ਗਰਦ ਤੁਸਾਡੇ ਦਰ ਦੀ ।

ਹਾਸ਼ਮ ਰਾਹ ਅਜੇਹੇ ਪਾਈ, ਮੈਂ ਇਸ਼ਕ ਤੇਰੇ ਦੀ ਬਰਦੀ ।

47 / 52
Previous
Next