Back ArrowLogo
Info
Profile

ਤਾਂ ਜਾਣੇ ਦਿਲ ਹੋਵੇ ਜਾਨੀ

ਤਾਂ ਜਾਣੇ ਦਿਲ ਹੋਵੇ ਜਾਨੀ, ਜਦ ਜਾਨ ਜਾਨੀ ਵਲ ਹਾਰੇ ।

ਹਿਕਮਤਿ ਜਾਣ ਸਿਪਾਹੀ ਵਾਲੀ, ਜੋ ਆਪ ਮਰੇ ਸੋਈ ਮਾਰੇ ।

ਕਿਸ ਨੂੰ ਪਾਰ ਕਰੇ ਮਨਤਾਰੂ, ਜਿਹੜਾ ਆਪ ਤਰੇ ਸੋਈ ਤਾਰੇ ।

ਹਾਸ਼ਮ ਵੈਲ ਕਦੀਮ ਕਮੀਨਾ, ਅਸਾਂ ਜਾਚ ਡਿਠਾ ਦਿਨ ਚਾਰੇ ।

 

ਤੈਂਡਾ ਇਸ਼ਕ ਕਸਾਈ ਵੜਿਆ

ਤੈਂਡਾ ਇਸ਼ਕ ਕਸਾਈ ਵੜਿਆ, ਜਿਨ ਨਾਲ ਸੂਲਾਂ ਦਿਲ ਭਰਿਆ ।

ਇਕ ਦਿਨ ਬਰਸ ਜੇਹਾ ਹੋ ਬੀਤੇ, ਮੈਂ ਉਮਰ ਵਲੋਂ ਬਹੁ ਡਰਿਆ ।

ਦਿਲਬਰ ਯਾਰ ਡਿਠੇ ਮੁਖ ਤੇਰਾ, ਮੇਰਾ ਤਨ ਮਨ ਥੀਵੇ ਹਰਿਆ ।

ਹਾਸ਼ਮ ਸ਼ਾਹ ਉਡੀਕੇ ਤੇਰਾ, ਕਦੀ ਆ ਮਿਲ ਭਾਗੀਂ ਭਰਿਆ ।

 

ਤੈਨੂੰ ਹੁਸਨ ਖ਼ਰਾਬ ਕਰੇਂਦਾ

ਤੈਨੂੰ ਹੁਸਨ ਖ਼ਰਾਬ ਕਰੇਂਦਾ ਅਤੇ ਮੈਨੂੰ ਸਮਝ ਸਤਾਇਆ ।

ਜਿਉਂ ਜਿਉਂ ਆਣ ਹੁਸਨ ਦੀ ਸਮਝਾਂ, ਮੈਨੂੰ ਉਠਦਾ ਸੂਲ ਸਵਾਇਆ ।

ਸਭੇ ਦਰਦ ਡਿਠੇ ਸਭ ਦੁਖੀਏ, ਜਿਨ੍ਹਾਂ ਸਮਝ ਸਮਝ ਦੁਖ ਲਾਇਆ ।

ਆਤਸ਼ ਸਮਝ ਜਿਨ੍ਹਾਂ ਵਿਚ ਹਾਸ਼ਮ, ਉਨ੍ਹਾਂ ਆਪਣਾ ਆਪ ਜਲਾਇਆ ।

 

ਤਨ ਦੀ ਚਿਖਾ ਬਣਾਵੇ ਦੀਪਕ

ਤਨ ਦੀ ਚਿਖਾ ਬਣਾਵੇ ਦੀਪਕ, ਤਾਂ ਆਣ ਜਲਣ ਪਰਵਾਨੇ ।

ਭਾਂਬੜ ਹੋਰ ਹਜ਼ਾਰਾਂ ਦਿਸਦੇ, ਪਰ ਓਸ ਪਤੰਗ ਦੀਵਾਨੇ ।

ਆਪਣਾ ਆਪ ਬਣਾਵੇ ਕੋਲੇ, ਸੋ ਕਰੇ ਕਬਾਬ ਬਿਗ਼ਾਨੇ ।

ਹਾਸ਼ਮ ਰਾਹ ਦਿਲਾਂ ਦੇ ਦਿਲ ਵਿਚ, ਹੋਰ ਜਾਦੂ ਸਿਹਰ ਬਹਾਨੇ ।1

48 / 52
Previous
Next