

ਤਾਂਹੀ ਰਹੀ ਕੁਚੱਜੀ ਕਮਲੀ
ਤਾਂਹੀ ਰਹੀ ਕੁਚੱਜੀ ਕਮਲੀ, ਮੈਂ ਜਾਇ ਕੁਰਾਹੀਂ ਵੱਤੀ ।
ਕਿਉਂ ਕਰ ਕਹੇ ਨ ਸਾਸ ਅਸਾਨੂੰ, 'ਨਿਜ ਆਵੇਂ ਔਤ ਨਿਖੱਤੀ' ।
ਕੁੜੀਆਂ ਦਾਜ ਬਣਾ ਲਿਓ ਈ, ਮੈਂ ਚਰਖੇ ਤੰਦ ਨ ਘੱਤੀ ।
ਹਾਸ਼ਮ ਕੌਂਤ ਵਸਾਵਣ ਪੈਸੀ, ਮੈਂ ਹੋਵਾਂ ਲਾਖ ਕੁਪੱਤੀ ।
ਤਨ ਪਿੰਜਰ ਦਿਲ ਘਾਇਲ ਕੈਦੀ
ਤਨ ਪਿੰਜਰ ਦਿਲ ਘਾਇਲ ਕੈਦੀ, ਮੈਨੂੰ ਸਾਬਤ ਦੇਖ ਨ ਫਿਰਦੀ ।
ਬੇਪਰਵਾਹੀ ਤੇ ਜ਼ਾਲਮ ਫਾਹੀ, ਮੈਨੂੰ ਰੜਕੇ ਸਾਂਗ ਨਜ਼ਰ ਦੀ ।
ਝਿੜਕਣ ਲੋਕ ਨ ਥੰਮਣ ਮਾਪੇ, ਮੈਂ ਕਮਲੀ ਕਿਸੇ ਨ ਧਿਰ ਦੀ ।
ਸਾਹਿਬ ਦਰਦ ਮਿਲੇ ਕੋਈ ਹਾਸ਼ਮ, ਮੇਰੀ ਸਮਝੇ ਪੀੜ ਹਿਜਰ ਦੀ ।
ਤਨ ਟੁਟਦਾ ਮਨ ਤਪਦਾ ਮਾਏ
ਤਨ ਟੁਟਦਾ ਮਨ ਤਪਦਾ ਮਾਏ ! ਮੈਨੂੰ ਅੱਖੀਂ ਪੀੜ ਵੇਖਣ ਦੀ ।
ਇਕ ਪਲ ਸਹਿਣ ਵਿਛੋੜਾ ਭਾਰੀ, ਕੇਹੀ ਪਈਆ ਬਾਣ ਮਿਲਣ ਦੀ ।
ਏਹੀਉ ਵਿਰਦ ਇਬਾਦਤ ਮੇਰੀ, ਤਰਸਣ ਜਲਣ ਬਲਣ ਦੀ ।
ਹਾਸ਼ਮੁ ਹੋਗੁ ਕਬੂਲ ਤਦਾਹੀਂ, ਜਦ ਫਿਰਗੁ ਦਲੀਲ ਸੱਜਣ ਦੀ ।
ਤਸਬੀ ਬਹੁਤ ਭੁਵਾਵਣ ਕਸਬੀ
ਤਸਬੀ ਬਹੁਤ ਭੁਵਾਵਣ ਕਸਬੀ, ਜਿਨ੍ਹਾਂ ਦਾਮ ਫ਼ਰੇਬ ਵਿਛਾਇਆ ।
ਕਰ ਕਰ ਗਿਆਨ ਸੁਣਾਉਣ ਸਿਆਣੇ, ਨਾ ਇਤ ਬਿਧ ਸ਼ੇਖ ਕਹਾਇਆ ।
ਮਤਲਬ ਜੋ ਇਸ ਰਾਹ ਇਲਾਹੀ, ਉਨ੍ਹਾਂ ਹਰਗਿਜ਼ ਮੂਲ ਨਾ ਪਾਇਆ ।
ਹਾਸ਼ਮ ਸਮਝ ਰਸਾਇਣ ਵਾਲੇ, ਕਦੀ ਆਪਣਾ ਆਪ ਲਖਾਇਆ ।