

ਤੂੰ ਹੈਂ ਯਾਰ ਤੂੰ ਹੈਂ ਦੁਖਦਾਈ
ਤੂੰ ਹੈਂ ਯਾਰ ਤੂੰ ਹੈਂ ਦੁਖਦਾਈ, ਅਤੇ ਦਰਦ ਧੁਖੇ ਨਿਤ ਤੇਰਾ ।
ਪਰਸੋਂ ਆਖ ਲਗਾਈਓਈ ਬਰਸੋਂ, ਅਤੇ ਬੈਠ ਰਹਿਓਂ ਘਤ ਡੇਰਾ ।
ਕੌਲ ਕਰਾਰ ਸੰਭਾਲ ਪਿਆਰੇ, ਅਤੇ ਆਉ ਕਦੀ ਘੱਤ ਫੇਰਾ ।
ਹਾਸ਼ਮ ਬਾਝ ਤੁਸਾਂ ਸੁਖ ਨਾਹੀਂ, ਹੋਰ ਵਸਦਾ ਮੁਲਖ ਬਤੇਰਾ ।
ਤੋੜਿ ਜੰਜ਼ੀਰ ਸ਼ਰੀਅਤ ਨਸਦਾ
ਤੋੜਿ ਜੰਜ਼ੀਰ ਸ਼ਰੀਅਤ ਨਸਦਾ, ਜਦ ਰਚਦਾ ਇਸ਼ਕ ਮਜਾਜ਼ੀ ।
ਦਿਲ ਨੂੰ ਚੋਟ ਲਗੀ ਜਿਸ ਦਿਨ ਦੀ, ਅਸਾਂ ਖ਼ੂਬ ਸਿਖੀ ਰਿੰਦਬਾਜ਼ੀ ।
ਭੱਜ ਭੱਜ ਰੂਹ ਵੜੇ ਬੁਤਖ਼ਾਨੇ, ਅਤੇ ਜ਼ਾਹਰ ਜਿਸਮ ਨਿਮਾਜ਼ੀ ।
ਹਾਸ਼ਮ ਖ਼ੂਬ ਪੜ੍ਹਾਇਆ ਦਿਲ ਨੂੰ, ਇਸ ਬੈਠ ਇਸ਼ਕ ਦੇ ਕਾਜ਼ੀ ।
ਟੁੱਟਾ ਮਾਣ ਪਏ ਪਰ-ਮੁਲਕੀਂ
ਟੁੱਟਾ ਮਾਣ ਪਏ ਪਰ-ਮੁਲਕੀਂ, ਰੱਬ ਸੁੱਟੇ ਦੂਰ ਦੁਰਾਡੇ ।
ਕਿਸਮਤ ਖ਼ਿਆਲ ਪਈ ਬਣ ਦੁਸ਼ਮਣ, ਹੁਣ ਕੀ ਵੱਸ ਯਾਰ ਅਸਾਡੇ ।
ਦਿਲਬਰ ਯਾਰ ਵਿਸਾਰੀਂ ਨਾਹੀਂ, ਅਸੀਂ ਜਿਤ ਕਿਤ ਹਾਲ ਤੁਸਾਡੇ ।
ਆਜ਼ਿਜ਼ ਲੋਕ ਨਿਮਾਣੇ ਹਾਸ਼ਮ, ਨਹੀਂ ਸ਼ਿਰਕਤ ਨਾਲ ਖ਼ੁਦਾ ਦੇ ।
ਵਾਰ ਸੁਟਾਂ ਮੈਂ 'ਮੈਂ' ਹੁਣ ਲੋਕਾ
ਵਾਰ ਸੁਟਾਂ ਮੈਂ 'ਮੈਂ' ਹੁਣ ਲੋਕਾ ! ਜਿਨ੍ਹਾਂ ਰਾਂਝਣ ਖੜਿਆ ਬੇਲੇ ।
ਨਦੀਆਂ ਨਾਲੇ ਤੇ ਬਿਸੀਅਰ ਕਾਲੇ, ਅਤੇ ਬੇਲੇ ਸ਼ੇਰ ਬਘੇਲੇ ।
ਅੱਖੀਂ ਯਾਰ ਦਿਸੇ ਘਰ ਆਵੇ, ਭੈੜੀ ਰਾਤ ਪਵਗੁ ਕਿਸ ਵੇਲੇ ।
ਹਾਸ਼ਮ ਮਾਣ ਹਯਾਤੀ ਮੇਰੀ, ਰੱਬ ਚਾਕ ਸਲਾਮਤ ਮੇਲੇ ।