

ਵਗ ਵਾਏ ! ਪਰ ਸੁਆਰਥ ਭਰੀਏ
ਵਗ ਵਾਏ ! ਪਰ ਸੁਆਰਥ ਭਰੀਏ, ਤੂੰ ਜਾਈਂ ਤਖਤ ਹਜ਼ਾਰੇ ।
ਆਖੀਂ ਯਾਰ ਰਾਂਝਣ ਨੂੰ ਮਿਲਕੇ, ਅਸੀਂ ਤੂੰ ਕਿਉਂ ਮਨੋ ਵਿਸਾਰੇ ।
ਬੱਸ ਹੁਣ ਨੇਹੁੰ ਕਮਾ ਲਇਓਈ, ਇਹੋ ਚਾ ਆਹਾ ਦਿਨ ਚਾਰੇ ।
ਹਾਸ਼ਮ ਏਸ ਮੁਹੱਬਤ ਬਦਲੇ, ਸਾਨੂੰ ਖੁਆਰ ਕੀਤਾ ਜੱਗ ਸਾਰੇ ।
ਵਗ ਵਾਏ ! ਵੰਞ ਤਖ਼ਤ ਹਜ਼ਾਰੇ
ਵਗ ਵਾਏ ! ਵੰਞ ਤਖ਼ਤ ਹਜ਼ਾਰੇ, ਵਲ ਜਾਈਂ ਬੱਰਾ ਖ਼ੁਦਾਈ ।
ਹੀਰ ਨਿਲਾਜ ਨਿਮਾਣੀ ਵਲ ਦਾ, ਕੋਈ ਦਈਂ ਸੁਨੇਹਾ ਜਾਈ ।
ਦੋ ਦਿਨ ਚਾਰ ਮਹੀਂ ਮੀਆਂ ਰਾਂਝਾ, ਤੁਧ ਕੀਤੀ ਬਹੁਤ ਕਮਾਈ ।
ਹਾਸ਼ਮ ਸਾਰ ਦੁਖਾਂ ਦੀ ਜਾਣੇ, ਜਿਨ੍ਹਾਂ ਦਿਨ ਦਿਨ ਚੋਟ ਸਵਾਈ ।
ਵੇਦ ਕਿਤੇਬ ਪੜ੍ਹਨ ਚਤੁਰਾਈ
ਵੇਦ ਕਿਤੇਬ ਪੜ੍ਹਨ ਚਤੁਰਾਈ, ਅਤੇ ਜਪ ਤਪ ਸਾਧੁ ਬਣਾਵੇ ।
ਭਗਵੇਂ ਭੇਸ ਕਰਨ ਕਿਸ ਕਾਰਣ, ਉਹ ਮੰਦਾ ਖੋਟ ਲੁਕਾਵੇ ।
ਮੂਰਖ ਜਾ ਵੜੇ ਉਸ ਵਿਹੜੇ, ਅਤੇ ਔਖਧ ਜਨਮ ਗਵਾਵੇ ।
ਹਾਸ਼ਮ ਮੁਕਤ ਨਸੀਬ ਜਿਨ੍ਹਾਂ ਦੇ, ਸੋਈ ਦਰਦਮੰਦਾਂ ਵਲ ਆਵੇ ।
ਵਿਛੜੇ ਯਾਰ ਨ ਹੋਸੁ ਅੰਦੇਸ਼ਾ
ਵਿਛੜੇ ਯਾਰ ਨ ਹੋਸੁ ਅੰਦੇਸ਼ਾ, ਭੈੜਾ ਖੋਟਾ ਯਾਰ ਅਨੀਤੀ ।
ਮੂਰਖ ਯਾਰ ਪਿਛੇ ਜਲ ਮਰਨਾ, ਕਿਨ ਆਸ਼ਕ ਇਹ ਗੱਲ ਕੀਤੀ ।
ਜਿਨ ਹਥ ਨਾਲ ਬਿਮੁਨਸਫ ਜੋੜੇ, ਉਨ ਜਦ ਕਦ ਖੇਲ ਨ ਜੀਤੀ ।
ਹਾਸ਼ਮ ਨੇਹੁੰ ਟੁਟੇ ਤਿਸ ਯਾਰੋਂ, ਏਹੋ ਲਾਖ ਵੱਟੀ ਸੁਖ ਬੀਤੀ ।