ਬਾਗ ਵਿਚ ਆਪਣੇ ਨੌਕਰਾਂ ਨੂੰ ਵੇਖਿਆ, ਤੇ ਇਹ ਵੀ ਡਿੱਠਾ ਕਿ ਰਾਤ ਕੱਟਣ ਲਈ ਸਾਰਾ ਸਾਮਾਨ ਪਿਆ ਹੈ। ਇਸ 'ਤੇ ਆਪ ਨੇ ਰਤੀ ਵੀ ਗੁੱਸਾ ਪਰਗਟ ਨਹੀਂ ਕੀਤਾ, ਪਰ ਪ੍ਰਸ਼ਾਦ ਨਾ ਛਕਿਆ । ਦੂਜੇ ਦਿਨ ਆਪ ਨੂੰ ਪਤਾ ਲੱਗਾ, ਕਿ ਆਪ ਦੀ ਮਾਤਾ ਨਜ਼ਰਬੰਦ ਕਰ ਕੇ ਸ਼ੇਖੂਪੁਰ ਭੇਜੀ ਗਈ ਹੈ। ਇਹ ਸੁਣ ਕੇ ਮਹਾਰਾਜੇ ਦਾ ਗਮ ਨਾਲ ਦਿਲ ਟੁੱਟ ਗਿਆ, ਕਿਉਂਕਿ ਆਪ ਦਾ ਆਪਣੀ ਮਾਤਾ ਨਾਲ ਬਹੁਤ ਪਿਆਰ ਸੀ । ਲਾਹੌਰ ਪੁੱਜ ਕੇ ਆਪ ਨੇ ਆਪਣੇ ਪਹਿਲੇ ਨਿਵਾਸ ਅਸਥਾਨ ਸੰਮਨ-ਬੁਰਜ ਵਿਚ ਨਾ ਰਹਿਣ ਦੀ ਇਛਿਆ ਪਰਗਟ ਕੀਤੀ ਤੇ ਤਖਤਗਾਹ ਦੇ ਉਪਰਲੇ ਕਮਰਿਆਂ ਵਿਚ ਰਹਿਣ ਲੱਗੇ । ਕੁਛ ਦਿਨ ਮਗਰੋਂ ਆਪ ਦੀ ਮਾਤਾ ਨੇ ਆਪ ਨੂੰ ਰਾਜ਼ੀ ਖੁਸ਼ੀ ਦਾ ਸੁਨੇਹਾ ਘੱਲਿਆ, ਤੇ ਆਪ ਲਈ ਕੁਝ ਖਿਡਾਉਣੇ ਤੇ ਮਿਠਿਆਈ ਘੋਲੀ । ਮਾਤਾ ਦੀ ਰਾਜ਼ੀ ਖੁਸ਼ੀ ਦਾ ਸਮਾਚਾਰ ਪਾ ਕੇ ਆਪ ਨੂੰ ਬੜੀ ਖੁਸ਼ੀ ਹੋਈ, ਪਰ ਇਹ ਸੁਭਾਗ ਵੀ ਆਪ ਨੂੰ ਮੁੜ ਪ੍ਰਾਪਤ ਨਾ ਹੋਇਆ। ਰੈਜ਼ੀਡੈਂਟ ਦੀ ਆਗਿਆ ਨਾਲ ਚਿੱਠੀ-ਪੱਤਰ ਵੀ ਬੰਦ ਕਰ ਦਿੱਤਾ ਗਿਆ ।
੧੯ ਅਗਸਤ ਨੂੰ ਜਿੰਦ ਕੌਰ ਸ਼ੇਖੂਪੁਰ ਪੁੱਜੀ। ਉਸ ਦੀ ਰਾਖੀ ਦਾ ਭਾਰ ਸ: ਬੂੜ ਸਿੰਘ ਨੂੰ ਸੌਂਪਿਆ ਗਿਆ । ਅਗਲੇ ਦਿਨ ਗਵਰਨਰ-ਜੈਨਰਲ ਦਾ ਇਹ ਐਲਾਨ ਨਿਕਲਿਆ :
ਜਿੰਦਾਂ ਦੀ ਕੈਦ ਬਾਰੇ ਹਾਰਡਿੰਗ ਦਾ ਐਲਾਨ
"ਲਾਹੌਰ ਦਰਬਾਰ ਦੇ ਸਰਦਾਰਾਂ, ਧਾਰਮਿਕ ਆਗੂਆਂ, ਬਜ਼ੁਰਗਾਂ ਤੇ ਮਹਾਰਾਜਾ ਦਲੀਪ ਸਿੰਘ ਦੇ ਰਾਜ ਦੇ ਵਸਨੀਕਾਂ ਦੇ ਗਿਆਨ ਵਾਸਤੇ ਆਮ ਐਲਾਨ।
"ਲਾਹੌਰ, ੨੦ ਅਗਸਤ, ੧੮੪੭ ਈ. 1 ਲਾਹੌਰ ਦਰਬਾਰ ਤੇ ਸਰਕਾਰ ਅੰਗਰੇਜ਼ੀ ਵਿਚ ਮਿੱਤਰਤਾ ਹੋਣ ਦੇ ਕਾਰਨ, ਮਹਾਰਾਜੇ ਦੀ ਬਾਲਕ ਅਵਸਥਾ ਵਿਚ ਉਸਨੂੰ ਵਿੱਦਿਆ ਦੇਣ ਤੇ ਉਸਦੀ ਪਾਲਣਾ ਤੇ ਰੱਖਿਆ ਕਰਨ ਵਿਚ ਗਵਰਨਰ- ਜੈਨਰਲ ਪਿਤਾ ਵਰਗਾ ਸ਼ੌਕ ਰੱਖਦਾ ਹੈ ।
"ਇਸ ਕਾਰਜ-ਸਿੱਧੀ ਵਾਸਤੇ ਗਵਰਨਰ-ਜੈਨਰਲ ਬੜਾ ਹੀ ਜ਼ਰੂਰੀ ਸਮਝਦਾ ਹੈ ਕਿ ਮਹਾਰਾਜੇ ਨੂੰ ਉਸਦੀ ਮਾਤਾ-ਮਹਾਰਾਣੀ ਤੋਂ ਅਲੱਗ ਕਰ ਦਿੱਤਾ ਜਾਵੇ। ਇਸ ਸਲਾਹ ਵਿਚ ਦਰਬਾਰ ਨੇ ਸਰਬ ਸੰਮਤੀ ਪ੍ਰਗਟ ਕੀਤੀ ਹੈ । ਸੋ ੧੯ ਅਗਸਤ, ੧੮੪੭ ਈ. ਨੂੰ ਮਹਾਰਾਣੀ ਸਾਹਿਬਾ ਨੇ ਲਾਹੌਰ ਦੇ ਰਾਜ ਮਹਿਲ ਨੂੰ ਛੱਡਿਆ ਤੇ ਉਹਨੂੰ ਸ਼ੇਖੂਪੁਰ ਪੁਚਾਇਆ ਗਿਆ ।
"ਇਹ ਕਦਮ ਉਠਾਉਣ ਦੇ ਹੇਠ ਲਿਖੇ ਸਬੰਬ ਹਨ :- ਪਹਿਲਾ : ਭਰੋਵਾਲ ਦੀ ਸੁਲ੍ਹਾ ਵੇਲੇ ਇਹ ਜ਼ਰੂਰੀ ਸਮਝਿਆ ਗਿਆ ਸੀ ਕਿ ਪਰਜਾ ਦੀ ਭਲਾਈ ਵਾਸਤੇ ਹਰ ਤਰ੍ਹਾਂ ਦੇ ਰਾਜਸੀ ਕੰਮਾਂ ਦੇ ਪਰਬੰਧ ਤੋਂ ਮਹਾਰਾਣੀ ਨੂੰ ਅਲੱਗ ਰੱਖਿਆ ਜਾਵੇ ।