ਤੇ ਉਸ ਦੇ ਗਹਿਣੇ ਤੇ ਨਕਦੀ ਖੋਹ ਲਈ ਗਈ, ਭਰੋਵਾਲ ਦੀ ਸੁਲ੍ਹਾ ਦੇ ਉਲਟ ਉਸ ਦੀ ਪੈਨਸ਼ਨ ਘਟਾ ਕੇ ਇਕ ਹਜ਼ਾਰ ਮਹੀਨਾ (ਡੂਢ ਲੱਖ ਦੀ ਥਾਂ, ੧੨ ਹਜ਼ਾਰ ਸਾਲਾਨਾ) ਕਰ ਦਿੱਤੀ ਗਈ। ਕੈਦ ਏਨੀ ਸਖਤ ਸੀ ਕਿ ਉਹ ਆਪਣੇ ਬਿਗਾਨੇ ਦੇ ਸਾਹਮਣੇ ਦਿਲ ਦੀ ਹਵਾੜ ਵੀ ਨਹੀਂ ਕੱਢ ਸਕਦੀ ਸੀ ।
ਜੀਵਣ ਸਿੰਘ ਤੇ ਨਿਊ ਮਾਰਚ
ਮਹਾਰਾਣੀ ਦੇ ਪੁਰਾਣੇ ਵਕੀਲ ਜੀਵਣ ਸਿੰਘ ਨੇ ਮਹਾਰਾਣੀ ਨੂੰ ਮਿਲਣ ਦੀ ਆਗਿਆ ਮੰਗੀ, ਪਰ ਸਰਕਾਰ ਨੇ ਪਰਵਾਨ ਨਾ ਕੀਤੀ । ਜੀਵਣ ਸਿੰਘ ਕਲਕੱਤੇ ਗਿਆ। ਉਸ ਨੇ ਕਈ ਵਾਰ ਗਵਰਨਰ-ਜੈਨਰਲ ਕੋਲ ਬੇਨਤੀ ਕੀਤੀ, ਪਰ ਮਹਾਰਾਣੀ ਨੂੰ ਮਿਲਣ ਦੀ ਆਗਿਆ ਉਸ ਨੂੰ ਨਹੀਂ ਮਿਲੀ । ਹੋਰ ਕੋਈ ਉਪਾਅ ਨਾ ਵੇਖ ਕੇ ਜੀਵਣ ਸਿੰਘ ਨੇ ਇਕ ਅੰਗਰੇਜ਼ ਨਿਊ ਮਾਰਚ ਨੂੰ ਮਹਾਰਾਣੀ ਦਾ ਵਕੀਲ ਨੀਯਤ ਕੀਤਾ । ਗਵਰਨਰ-ਜੈਨਰਲ ਨੇ ਨਿਊ ਮਾਰਚ ਨੂੰ ਇਕੱਲਿਆਂ ਮਹਾਰਾਣੀ ਨੂੰ ਮਿਲਣ ਦੀ ਆਗਿਆ ਦਿੱਤੀ। ਨਿਊ ਮਾਰਚ ਬਨਾਰਸ ਆਇਆ, ਤੇ ਅੱਠ ਦਿਨ ਏਥੇ ਰਿਹਾ। ਉਹ ਇਕੱਲਾ ਕਈ ਵਾਰ ਮਹਾਰਾਣੀ ਨੂੰ ਮਿਲਿਆ। ਉਹਨੇ ਮਹਾਰਾਣੀ ਦੇ ਖਰਚਾਂ ਦਾ ਇਕ ਚਿੱਠਾ (ਫਹਿਰਿਸਤ) ਤਿਆਰ ਕੀਤਾ ਤੇ ਦੋ ਹਜ਼ਾਰ ਮਾਹਵਾਰ ਖਰਚ ਦੀ ਸਿਫਾਰਸ਼ ਕਰਕੇ ਮੈਕਗ੍ਰੇਗਰ ਦੇ ਪਾਸ ਭੇਜ ਦਿੱਤਾ। ਨਾਲ ਹੀ ਆਪਣੀ ਰਿਪੋਰਟ ਵਿਚ ਲਿਖਿਆ, "ਅੰਗਰੇਜ਼ੀ ਵਿਚਾਰ ਤੋਂ ਮਹਾਰਾਣੀ ਦੇ ਖਰਚ ਦੀ ਏਨੀ ਰਕਮ ਵਿਅਰਥ ਹੈ, ਤੇ ਖਰਚ ਦੀ ਕਿੰਨੀ ਹੀ ਰਕਮ ਹਾਸੋ-ਹੀਣੀ ਹੈ, ਪਰ ਮਹਾਰਾਣੀ ਆਖਦੀ ਹੈ, ਕਿ ਉਹ ਖਰਚ ਪਹਿਲਾਂ ਕਰਦੀ ਰਹੀ ਹੈ, ਜੇ ਉਸ ਨੇ ਹੁਣ ਇਹ ਸਾਰੇ ਬੰਦ ਕਰ ਦਿੱਤੇ, ਤਾਂ ਉਹਦੀ ਨੌਕਰਾਂ ਚਾਕਰਾਂ ਵਿਚ ਕਿੰਨੀ ਹਾਨੀ ਹੋਵੇਗੀ"
ਮੈਕਗਰ ਨੇ ਆਪਣੀ ਸਫਾਰਸ਼ ਕਰਕੇ ਇਹ ਚਿੱਠਾ ੨੩ ਅਕਤੂਬਰ, ੧੮੪੮ ਈ. ਨੂੰ ਗਵਰਨਰ-ਜੈਨਰਲ ਨੂੰ ਭੇਜ ਦਿਤਾ । ਅੱਗੋਂ ਪੰਜ ਨਵੰਬਰ ਨੂੰ ਗਵਰਨਰ-ਜੈਨਰਲ ਦਾ ਜਵਾਬ ਆਇਆ, "ਇਸ ਵੇਲੇ ਜੋ ਰਕਮ ਮਹਾਰਾਣੀ ਨੂੰ ਖਰਚ ਵਾਸਤੇ ਮਿਲਦੀ ਹੈ, ਉਹ ਉਸ ਨਾਲ ਚੰਗੀ ਤਰ੍ਹਾਂ ਨਿਰਬਾਹ ਕਰ ਸਕਦੀ ਹੈ।" ਦੋਬਾਰਾ ਚੇਤਾਵਨੀ ਕਰਾਉਣ ਉੱਤੇ ਗਵਰਨਰ-ਜੈਨਰਲ ਨੇ ੧੧ ਨਵੰਬਰ ਨੂੰ ਲਿਖਿਆ,"ਗਵਰਨਰ-ਜੈਨਰਲ ਮਹਾਰਾਣੀ ਦੇ ਬੇਨਤੀ ਪੱਤਰ 'ਤੇ ਵਿਚਾਰ ਕਰਨ ਦੀ ਕੋਈ ਲੋੜ ਨਹੀਂ ਸਮਝਦੇ। ਉਸਨੇ ਮਹਾਰਾਣੀ ਦੀ ਪ੍ਰਾਰਥਨਾ ਪਰਵਾਨ ਨਹੀਂ ਕੀਤੀ।"
੧. ਪੰਜਾਬ ਹਰਣ ਔਰ ਦਲੀਪ ਸਿੰਹ, ਪੰਨੇ ੯੫-੯੬।
੨. ਪੰਜਾਬ ਹਰਣ ਔਰ ਦਲੀਪ ਸਿੰਹ, ਪੰਨਾ ੯੬।