Back ArrowLogo
Info
Profile

ਗੁਲਾਬੀ ਭਾਹ ਮਾਰਦੀਆਂ ਝੁੱਗੀਆਂ ਤੇ ਅਣਗਿਣਤ ਵਾੜੀਆਂ ਤੇ ਲੰਮੇ ਲੰਮੇ ਪਿੱਪਲਾਂ ਦੇ ਪਰਛਾਵਿਆਂ ਵੱਲ ਇਸ਼ਾਰਾ ਕਰਦਿਆਂ ਆਖਿਆ, "ਉਹ ਸ਼ਾਇਦ, ਅੱਜ ਰਾਤ ਹੀ ਸਾਡੇ ਸਾਰਿਆਂ ਦੇ ਗਲੇ ਲਾਹ ਛੱਡਣ ਦੀ ਸੋਚ ਰਹੇ ਹੋਣ ਤੇ ਫਿਰ ਵੀ ਸਾਡੀ ਦੇਖ ਭਾਲ ਕਰਨ ਵਾਲਾ ਜਾਂ ਹਿਫ਼ਾਜਤ ਕਰਨ ਵਾਲਾ ਇੱਕ ਵੀ ਕੋਈ ਨਹੀਂ। ਸਾਨੂੰ ਪਿੱਛੇ ਹਟ ਜਾਣਾ ਚਾਹੀਦਾ ਹੈ, ਪਰ ਕਿੱਧਰ ? ਸਭ ਤੋਂ ਪਹਿਲਾਂ ਸਾਨੂੰ ਆਪਣੀ ਫ਼ੌਜ ਨੂੰ ਨਵੇਂ ਸਿਰਿਉਂ ਜਥੇਬੰਦ ਕਰਨਾ ਚਾਹੀਦਾ ਹੈ। ਆਪਣੇ ਕਮਾਂਡਰ ਚੁਣ ਲੈਣੇ ਚਾਹੀਦੇ ਹਨ। ਪਰ ਐਤਕਾਂ ਇਹ ਕੰਮ ਪੱਕਾ ਹੋਣਾ ਚਾਹੀਦਾ ਹੈ। ਜਿਸ ਨੂੰ ਵੀ ਅਸੀਂ ਚੁਣੀਏ, ਉਸ ਨੂੰ ਸਾਡੀ ਜਾਨ ਤੇ ਮੌਤ ਦਾ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ। ਲੋਹੇ ਵਰਗਾ ਪੱਕਾ ਜ਼ਬਤ ਹੋਣਾ ਚਾਹੀਦਾ ਹੈ। ਬਸ ਇਸੇ ਨਾਲ ਹੀ ਸਾਡਾ ਬਚਾਅ ਹੋ ਸਕਦਾ ਹੈ। ਅਸੀਂ ਲੜਦੇ ਲੜਦੇ ਆਪਣੇ ਮੁੱਖ ਦਸਤਿਆਂ ਨਾਲ ਜਾ ਰਲਾਂਗੇ। ਫਿਰ ਰੂਸ ਵੱਲੋਂ ਵੀ ਸਾਡੀ ਮਦਦ ਲਈ ਹੱਥ ਅੱਗੇ ਵੱਧ ਆਉਣਗੇ। ਰਜ਼ਾਮੰਦ ਹੋ ਫਿਰ ਤੁਸੀਂ ?"

ਵਾੜੀਆਂ, ਝੁੱਗੀਆਂ, ਗਲੀਆਂ, ਛਕੜਿਆਂ ਤੇ ਦੂਰ ਦੂਰ ਤੀਕ ਫੈਲੇ ਦਰਿਆ ਵਿੱਚੋਂ ਜਿਉਂ ਇੱਕ ਗੂੰਜ ਉੱਠੀ, "ਰਜ਼ਾਮੰਦ ਹਾਂ।"

"ਠੀਕ ਏ। ਆਉ, ਝੱਟ ਚੋਣ ਕਰ ਲਈਏ। ਉਸ ਤੋਂ ਮਗਰੋਂ ਅਸੀਂ ਆਪਣੀਆਂ ਸਾਰੀਆਂ ਯੂਨਿਟਾਂ ਨੂੰ ਨਵੇਂ ਸਿਰਿਉਂ ਵਿਉਂਤਬੰਦ ਕਰ ਲਵਾਂਗੇ । ਲੜਾਕੂ ਦਸਤਿਆਂ ਨਾਲ ਸਾਜੋਸਾਮਾਨ ਢੋਣ ਵਾਲੀਆਂ ਗੱਡੀਆਂ ਵੱਖਰੀਆਂ ਕਰ ਦੇਣੀਆਂ ਚਾਹੀਦੀਆਂ ਨੇ। ਹਰ ਇੱਕ ਯੂਨਿਟ ਦਾ ਅੱਡ ਕਮਾਂਡਰ ਹੋਣਾ ਚਾਹੀਦਾ ਹੈ।"

"ਬਿਲਕੁਲ ਠੀਕ !" ਇੱਕ ਉੱਚੀ ਆਵਾਜ਼ ਸਾਰੀ ਸਟੈਪੀ ਵਿੱਚ ਫੈਲ ਗਈ।

ਲੋਕਾਂ ਦੀ ਹੂ-ਹਾ ਵਿੱਚੋਂ ਇੱਕ ਬੁੱਢੇ ਆਦਮੀ ਦੀ ਜ਼ਰਾ ਭਾਰੀ ਆਵਾਜ਼ ਉਭਰੀ।

"ਪਰ ਅਸੀਂ ਜਾਵਾਂਗੇ ਕਿੱਧਰ ਤੇ ਇਸ ਨਾਲ ਬਣੇਗਾ ਕੀ? ਅਸੀਂ ਤਬਾਹ ਹੋਏ ਲੋਕ ਹਾਂ। ਘਰ ਘਾਟ, ਪਸ਼ੂ, ਖੇਤੀ ਸਭ ਛੱਡ ਆਏ ਹਾਂ।"

ਇਹ ਇਉਂ ਸੀ, ਜਿਉਂ ਕਿਸੇ ਛੱਪੜ ਵਿੱਚ ਵੱਟਾ ਕੱਢ ਮਾਰਿਆ ਹੋਵੇ। ਲੋਕਾਂ ਵਿੱਚ ਇੰਝ ਘੁਰ ਘੁਰ ਹੋਣ ਲੱਗ ਪਈ, ਜਿਉਂ ਖਲ੍ਹਤੇ ਪਾਣੀ ਵਿੱਚ ਵੱਟ ਪੈਣ ਲੱਗ ਪਏ ਹੋਣ।

"ਜਾਵਾਂਗੇ ਕਿੱਥੇ ? ਪੈਰਾਂ ਉੱਤੇ ਵਾਪਸ? ਕੀ ਤੇਰੀ ਸਲਾਹ ਏ ਕਿ ਸਾਰੇ ਵੱਢੇ ਜਾਈਏ ?"

ਸਿੱਧ ਸਰੂਪੇ ਬੁੱਢੇ ਆਦਮੀ ਨੇ ਜਵਾਬ ਦਿੱਤਾ:

"ਉਹ ਸਾਨੂੰ ਵੱਢ ਕਿਉਂ ਦੇਣਗੇ, ਜੇ ਅਸੀਂ ਆਪਣੇ ਆਪ ਹਥਿਆਰ ਰੱਖ ਕੇ ਚਲੇ ਜਾਈਏ ਤਾਂ ? ਉਹ ਜੰਗਲੀ ਜਾਨਵਰ ਤਾਂ ਨਹੀਂ। ਪੰਜਾਹ ਦੇ ਪੰਜਾਹ ਮੋਰਕੂਸ਼ਿਨਸਕੀ ਕਿਰਸਾਨਾਂ ਨੇ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਏ - ਰਫ਼ਲਾਂ, ਗੱਡੀਆਂ, ਹਥਿਆਰ ਸਭ ਧਰ ਦਿੱਤੇ ਨੇ ਇੱਕ ਪਾਸੇ। ਕਸਾਕਾਂ ਨੇ ਉਹਨਾਂ ਵਿੱਚੋਂ ਕਿਸੇ ਦੇ ਵਾਲਾਂ ਨੂੰ ਵੀ ਹੱਥ ਨਹੀਂ ਲਾਇਆ। ਅੱਜ ਉਹ ਕਿਰਸਾਨ ਆਪਣੀ ਵਾਹੀ ਕਰਨ ਲੱਗੇ ਹੋਏ ਨੇ।"

“ਪਰ ਉਹ ਤਾਂ ਜ਼ਿਮੀਂਦਾਰ ਸਨ।"

20 / 199
Previous
Next